ਇਸ ਕਰਕੇ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਕਿਸਾਨ ਯੂਨੀਅਨ ਉਗਰਾਹਾਂ, ਜਥੇਬੰਦੀ ਨੇ ਦੱਸਿਆ ਇਹ ਕਾਰਨ

ਚੰਡੀਗੜ, ਮੀਡੀਆ ਬਿਊਰੋ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਯੂਨੀਅਨ ਕੋਈ ਵੀ ਉਮੀਦਵਾਰ ਚੋਣ ਮੈਦਾਨ ’ਚ ਨਹੀਂ ਉਤਾਰੇਗੀ ਤੇ ਕਿਸੇ ਵੀ ਪਾਰਟੀ ਜਾਂ ਸੰਗਠਨ ਦੀ ਮਦਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਮੰਨਣਾ ਕਿ ਲੋਕਤੰਤਰ ’ਚ ਲੋਕ ਰਾਜੀ ਢੰਗ ਨਾਲ ਸਰਕਾਰਾਂ ਨਹੀਂ ਚੁਣੀਆਂ ਜਾਂਦੀਆਂ ਤੇ ਨਾ ਹੀ ਇਹ ਲੋਕ ਰਾਜੀ ਢੰਗ ਨਾਲ ਕਾਰ-ਵਿਹਾਰ ਕਰਦੀਆਂ ਹਨ। ਵੱਡੇ-ਵੱਡੇ ਫ਼ੈਸਲੇ ਪਾਰਲੀਮੈਂਟਾਂ ਤੋਂ ਬਾਹਰ ਹੀ ਹਕੂਮਤ ਤੇ ਅਫ਼ਸਰਸ਼ਾਹੀ ਵੱਲੋਂ ਲੈ ਲਏ ਜਾਂਦੇ ਹਨ, ਜਿਵੇਂ ਡੰਕਲ ਤਜਵੀਜ਼ਾਂ ’ਤੇ ਦਸਤਖ਼ਤ ਕਰਨ ਵੇਲੇ ਵੀ ਪਾਰਲੀਮੈਂਟ ਦੀ ਮਨਜੂਰੀ ਜ਼ਰੂਰੀ ਨਹੀਂ ਸਮਝੀ ਗਈ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਾਡਾ ਕਲਿਆਣ ਉਦੋਂ ਤਕ ਸੰਭਵ ਨਹੀਂ ਜਦੋਂ ਤਕ ਸਾਡਾ ਖੇਤੀ ਸੰਕਟ ਦੂਰ ਕਰਨ ਲਈ ਤਿੱਖੇ ਜ਼ਮੀਨੀ ਸੁਧਾਰ ਕਰ ਕੇ ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਨਹੀਂ ਕੀਤੀ ਜਾਂਦੀ- ਜਦੋਂ ਤਕ ਅੰਨ੍ਹੀ ਸ਼ਾਹੂਕਾਰਾਂ ਲੁੱਟ ਨੂੰ ਨੱਥ ਪਾਉਣ ਲਈ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਨਹੀਂ ਬਣਾਇਆ ਜਾਂਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਖੇਤੀ ਲਾਗਤ ਵਸਤਾਂ ਸਸਤੀਆਂ ਕਰਨ ਲਈ ਦੇਸੀ/ਵਿਦੇਸ਼ੀ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫ਼ਿਆਂ ਤੇ ਕੱਟ ਨਹੀਂ ਲਾਇਆ ਜਾਂਦਾ ਤੇ ਜਦੋਂ ਤਕ ਖੇਤੀ ਦੀ ਤਰੱਕੀ ਲਈ ਵੱਡੇ ਸਰਕਾਰੀ ਨਿਵੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ’ਤੇ ਵੱਡੇ ਟੈਕਸ ਨਹੀਂ ਲਾਏ ਜਾਂਦੇ ਤੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਅਰਬਾਂ ਦੀਆਂ ਟੈਕਸ ਛੋਟਾਂ ਬੰਦ ਨਹੀਂ ਕੀਤੀਆਂ ਜਾਂਦੀਆਂ।

Share This :

Leave a Reply