ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਪਿਛਲੇ 25 ਸਾਲਾ ਤੋਂ ਫਰਿਜ਼ਨੋ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਹਰ ਸਾਲ ਲੱਗ ਰਹੀਆਂ ਹਨ। ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਥੇ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ। ਬੀਤੇ ਸਾਲ ਤੀਆਂ ਦੀ ਮੋਢੀ ਗੁੱਡੀ ਸਿੱਧੂ ਦੀ ਅਚਾਨਕ ਕਾਰ ਹਾਦਸੇ ਵਿੱਚ ਮੌਤ ਹੋਣ ਕਰਕੇ ਅਤੇ ਕੋਵਿੰਡ-19 ਦੀ ਮਹਾਮਾਰੀ ਕਰਕੇ ਨਹੀਂ ਲੱਗ ਸਕੀਆ ਸੀ। ਪਰ ਇਸ ਸਾਲ ਦੀਆਂ ਤੀਆਂ ਗੁੱਡੀ ਸਿੱਧੂ ਦੀ ਯਾਦ ਨੂੰ ਸਮਰਪਤ ਕਰਦੇ ਹੋਏ ਕੋਵਿੰਡ-19 ਮਹਾਂਮਾਰੀ ਦੀ ਭੇਟ ਚੜ ਚੁੱਕੀਆਂ ਕੀਮਤੀ ਜਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜ਼ਲੀ ਦੇਣ ਉਪਰੰਤ ਭਾਰਤ ਵਿੱਚ ਚਲ ਰਹੇ ਕਿਸਾਨਾਂ ਦੇ ਸੰਘਰਸ ਦੀ ਚੜਦੀਕਲਾ ਦੀ ਅਰਦਾਸ ਕਰਦੇ ਹੋਏ ਸ਼ੁਰੂ ਹੋਈਆ।
ਇਹ ਬੜੀ ਖੁਸ਼ੀ ਦੀ ਗੱਲ ਸੀ ਕਿ ਬੇਸੱਕ ਸਿੱਖ ਧਰਮ ਵਿੱਚ ਤੀਆਂ ਆਦਿਕ ਰਸ਼ਮੀ ਤਿਉਹਾਰਾਂ ਨੂੰ ਬਹੁਤੀ ਮਾਨਤਾ ਨਹੀਂ ਦਿੱਤੀ ਜਾਂਦੀ, ਪਰ ਫਿਰ ਵੀ ਹਾਜ਼ਰ ਔਰਤਾਂ ਨੇ ਤੀਆਂ ਦੀ ਸੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ। ਇਸ ਤੋਂ ਇਲਾਵਾ ਭਾਰਤੀ ਕਿਸਾਨਾਂ ਦੇ ਸੰਘਰਸ਼ ਲਈ ਹਾਅ ਦਾ ਨਾਅਰਾ ਮਾਰਦੇ ਹੋਏ ‘ਕਿਸਾਨ-ਮਜ਼ਦੂਰ ਏਕਤਾ – ਜ਼ਿੰਦਾਬਾਦ’ ਦੇ ਨਾਅਰਿਆ ਦੀ ਅਵਾਜ਼ ਵੀ ਬੁਲੰਦ ਕੀਤੀ। ਇਸ ਸਮੇਂ ਹਾਜ਼ਰ ਬੱਚੀਆਂ, ਬੀਬੀਆਂ-ਭੈਣਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ। ਤੀਆਂ ਵਿੱਚ ਮਰਦਾ ਨੂੰ ਆਉਣ ਦੀ ਹਮੇਸਾ ਹੀ ਮਨਾਹੀ ਹੁੰਦੀ ਹੈ।
ਜਿਸ ਤਰ੍ਹਾ ਸਮੇਂ ਦੀ ਤਬਦੀਲੀ ਨਾਲ ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ ‘ਤੇ ਸਿਰਫ ਨੁਮਾਇਸਨੁਮਾ ਹੀ ਰਹਿ ਗਏ ਹਨ।
ਜਿੱਥੇ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾ ਵਿੱਚ ਗੀਤ ਗਾ ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ। ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈਆਂ ਗਈਆਂ ਬੋਲੀਆਂ ਵੀ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ ਅਤੇ ਘੱਘਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ।
ਇਸ ਸਮੇਂ ‘ਸਿੱਖ ਵੋਮੈਨਜ਼ ਆਰਗੇਨਾਈਜੇਸ਼ਨ ਸੈਂਟਰਲ ਕੈਲੀਫੋਰਨੀਆਂ’ ਵੱਲੋਂ ਲੋੜਵੰਦ ਔਰਤਾਂ ਲਈ ਜਾਣਕਾਰੀ ਬੂਥ ਤੋਂ ਇਲਾਵਾ ਮਹਿੰਦੀ ਅਤੇ ਖਾਣੇ ਆਦਿਕ ਦੇ ਸਟਾਲ ਵੀ ਸਨ। ਤੀਆਂ ਦੌਰਾਨ ਰੋਜਾਨਾ ਪ੍ਰਬੰਧਕਾ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ।
ਇਸ ਸਮੇਂ ਤੀਆਂ ਵਿੱਚ ਸਾਮਲ ਮੇਲਣਾ ਅਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ। ਜਿੰਨਾਂ ਨੇ ਵਾਅਦਾ ਕੀਤਾ ਕਿ ਇਹ ਤੀਆਂ ਹਮੇਸਾ ਵਾਂਗ ਕਾਰਨੀ ਪਾਰਕ ਵਿੱਚ ਹਰ ਸਾਲ ਲੱਗਣਗੀਆਂ। ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਸਰਨਜੀਤ ਗੁੱਡੀ ਰਾਣੂ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਦਾ ਹੈ। ਅੰਤ ਇਹ ਫਰਿਜ਼ਨੋ ਦੀਆਂ ਤੀਆਂ ਦਾ ਰੌਣਕ ਮੇਲਾ ਮਾਂਵਾ, ਧੀਆਂ, ਭੈਣਾਂ ਅਤੇ ਸਹੇਲੀਆਂ ਦੇ ਆਪਸੀ ਪਿਆਰ ਨਾਲ ਨਿਬੜ ਗਿਆ।