ਚੀਨ ਤੇ ਜਾਪਾਨ ‘ਚ ਸੇਨਕਾਕੂ ਟਾਪੂ ਨੂੰ ਲੈ ਕੇ ਵਧਿਆ ਤਣਾਅ, ਖੇਤਰ ਨੂੰ ਲੈ ਕੇ ਹੋ ਰਹੇ ਦਾਅਵੇ

ਬੀਜਿੰਗ (ਮੀਡੀਆ ਬਿਊਰੋ) : ਚੀਨ ਤੇ ਜਾਪਾਨ ਵਿਚਾਲੇ ਸੇਨਕਾਕੂ ਟਾਪੂ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਇਹ ਉਸ ਦੀ ਮੁੱਖ ਜ਼ਮੀਨ ਦਾ ਹਿੱਸਾ ਹੈ। ਇਧਰ ਜਾਪਾਨ ਨੇ ਕਿਹਾ ਹੈ ਕਿ ਚੀਨ ਜਾਣ-ਬੁੱਝ ਕੇ ਇੱਥੇ ਟਕਰਾਅ ਦੀ ਸਥਿਤੀ ਪੈਦਾ ਕਰ ਰਿਹਾ ਹੈ।

ਉਸ ਦੇ ਜੰਗੀ ਬੇੜੇ ਸੇਨਕਾਕੂ ਅਤੇ ਉਸ ਦੇ ਆਲੇ-ਦੁਆਲੇ ਦੇ ਵਿਵਾਦਤ ਟਾਪੂ ਦੀ ਸਰਹੱਦ ਵਿਚ ਲਗਾਤਾਰ 120 ਦਿਨਾਂ ਤੋਂ ਬਣੇ ਹੋਏ ਹਨ। ਜਾਪਾਨ ਨੇ ਕਿਹਾ ਹੈ ਕਿ ਚੀਨ ਉਸ ਦੇ ਸੇਨਕਾਕੂ ਟਾਪੂ ਦੀ ਸਰਹੱਦ ਵਿਚ ਨਿਰੰਤਰ ਮੌਜੂਦਗੀ ਬਣਾ ਕੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਜਾਪਾਨੀ ਰੱਖਿਆ ਮੰਤਰੀ ਨੋਬੁਓ ਕਿਸ਼ੀ ਨੇ ਕਿਹਾ ਹੈ ਕਿ ਅਸੀਂ ਇੱਥੇ ਚੌਕਸ ਹੋ ਕੇ ਨਿਗਰਾਨੀ ਕਰ ਰਹੇ ਹਾਂ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦਿਆਓਯੂ (ਸੇਨਕਾਕੂ ਨੂੰ ਚੀਨ ‘ਚ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ) ਟਾਪੂ ਉਨ੍ਹਾਂ ਦੇ ਖੇਤਰ ਵਿਚ ਹੈ। ਇੱਥੋਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਾਡੀ ਫ਼ੌਜ ਦੀ ਹੈ। ਉਨ੍ਹਾਂ ਜਾਪਾਨ ਤੋਂ ਚਾਰ ਸੂਤਰੀ ਸਿਧਾਂਤਕ ਸਹਿਮਤੀ ਦਾ ਪਾਲਣ ਕਰਨ ਲਈ ਕਿਹਾ ਹੈ।

ਜਾਪਾਨ ਹੀ ਨਹੀਂ ਚੀਨ ਤਾਇਵਾਨ ਤੇ ਮਲੇਸ਼ੀਆ ਦੀ ਸਰਹੱਦ ਵਿਚ ਵੜ ਕੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਧਮਕਾ ਰਿਹਾ ਹੈ। ਤਾਇਵਾਨ ਦੀ ਹਵਾਈ ਸਰਹੱਦ ਵਿਚ ਇਕ ਵਾਰ ਫਿਰ ਚੀਨ ਨੇ ਘੁਸਪੈਠ ਕੀਤੀ। ਚੀਨ ਦੇ 29 ਫਾਈਟਰ ਜਹਾਜ਼ਾਂ ਨੇ ਤਾਇਵਾਨ ਦੀ ਸਰਹੱਦ ਵਿਚ ਵੜਨ ਦੀ ਹਿਮਾਕਤ ਕੀਤੀ।

ਇਸੇ ਤਰ੍ਹਾਂ ਦੱਖਣੀ ਚੀਨ ਸਾਗਰ ਵਿਚ ਮਲੇਸ਼ੀਆ ਦੀ ਸਰਹੱਦ ਅੰਦਰ ਚੀਨ ਦੇ ਹਵਾਈ ਜਹਾਜ਼ ਵੜ ਗਏ। ਮਲੇਸ਼ੀਆ ਦੇ ਵਿਦੇਸ਼ ਮੰਤਰੀ ਨੇ ਕਿਹਾ, ਚੀਨ ਨੂੰ ਮਲੇਸ਼ੀਆ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।

ਅਮਰੀਕੀ ਅਧਿਕਾਰੀਆਂ ਦੇ ਤਾਇਵਾਨ ਜਾਣ ਦੀ ਖ਼ਬਰ ਤੋਂ ਹੀ ਚੀਨ ਬੇਚੈਨ ਹੋ ਜਾਂਦਾ ਹੈ। ਇਸ ਵਾਰ ਅਮਰੀਕਾ ਦੇ ਤਿੰਨ ਸੰਸਦ ਮੈਂਬਰ ਤਾਇਵਾਨ ਜਾ ਰਹੇ ਹਨ। ਇਹ ਤਿੰਨੋਂ ਮੈਂਬਰ ਅਮਰੀਕੀ ਸੈਨੇਟ ਦੀ ਆਰਮਡ ਸਰਵਿਸ ਕਮੇਟੀ ਦੇ ਮੈਂਬਰ ਹਨ। ਇੱਥੇ ਉਹ ਤਾਇਵਾਨ ਦੇ ਸਿਖਰਲੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਖੇਤਰੀ ਸੁਰੱਖਿਆ ‘ਤੇ ਵੀ ਗੱਲਬਾਤ ਹੋਵੇਗੀ।

Share This :

Leave a Reply