ਸੈਕਰਾਮੈਂਟੋ 17 ਅਗਸਤ (ਹੁਸਨ ਲੜੋਆ ਬੰਗਾ)-ਦੱਖਣੀ ਟੈਕਸਾਸ ਦੇ ਸਕੂਲਾਂ ਤੇ ਹੈਰਿਸ ਕਾਊਂਟੀ ਨੇ ਵਿਦਿਆਰਥੀਆਂ ਲਈ ਮਾਸਕ ਜਰੂਰੀ ਪਾਉਣ ਦੇ ਮਾਮਲੇ ਵਿਚ ਆਰਜੀ ਤੌਰ ‘ਤੇ ਕਾਨੂੰਨ ਲੜਾਈ ਜਿੱਤ ਲਈ ਹੈ ਤੇ ਟਰਾਵਿਸ ਕਾਊਂਟੀ ਦੀ ਇਕ ਅਦਾਲਤ ਨੇ ਦਾਇਰ ਪਟੀਸ਼ਨ ਉਪਰ ਦੋ ਘੰਟਿਆਂ ਦੀ ਸੁਣਵਾਈ ਉਪਰੰਤ ਹੈਰਿਸ ਕਾਊਂਟੀ ਤੇ ਦੱਖਣੀ ਟੈਕਸਾਸ ਸਕੂਲ ਡਿਸਟ੍ਰਿਕਟਸ ਦੇ ਹੱਕ ਵਿਚ ਆਰਜੀ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਗਵਰਨਰ ਗਰੇਗ ਅਬੋਟ ਦੇ ਹੁਕਮਾਂ ਨੂੰ ਨਕਾਰਦਿਆਂ ਮਾਸਕ ਪਾਉਣਾ ਲਾਜਮੀ ਕਰ ਸਕਦੇ ਹਨ।
ਗਵਰਨਰ ਨੇ ਇਕ ਆਦਸ਼ ਜਾਰੀ ਕਰਕੇ ਮਾਸਕ ਜਰੂਰੀ ਪਾਉਣ ਉਪਰ ਪਾਬੰਦੀ ਲਾ ਦਿੱਤੀ ਸੀ ਤੇ ਕਿਹਾ ਸੀ ਕਿ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਨਾ ਮਾਪਿਆਂ ਉਪਰ ਛੱਡ ਦੇਣਾ ਚਾਹੀਦਾ ਹੈ। ਦਾਇਰ ਪਟੀਸ਼ਨ ਦੇ ਹੱਕ ਵਿਚ ਦਲੀਲੀ ਦਿੱਤੀ ਗਈ ਕਿ ਮਾਸਕ ਨਾ ਪਾਉਣ ਕਾਰਨ ਕੋਵਿਡ-19 ਮਹਾਮਾਰੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ। ਹੈਰਿਸ ਕਾਊਂਟੀ ਤੇ ਦੱਖਣੀ ਟੈਕਸਾਸ ਸਕੂਲ ਡਿਸਟ੍ਰਿਕਟਸ ਨੇ ਦਾਇਰ ਪਟੀਸ਼ਨ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਸੀ।