ਤਰਨਤਾਰਨ: ਭਾਰਤ ਪਾਕਿ ਸਰਹੱਦ ਤੋਂ BSF ਦੇ ਹੱਥ ਲੱਗੀ 100 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ

ਤਰਨਤਾਰਨ (ਮੀਡੀਆ ਬਿਊਰੋ) ਸਥਾਨਕ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਪਾਕਿਸਤਾਨ ਵੱਲੋਂ ਭੇਜੀ 22 ਕਿਲੋ ਹੈਰੋਇਨ ਨੂੰ ਬੀ.ਐੱਸ.ਐੱਫ ਨੇ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ ਵੱਲੋਂ ਜ਼ਿਲ੍ਹਾ ਪੁਲਸ ਦੇ ਸਹਿਯੋਗ ਨਾਲ ਤਲਾਸ਼ੀ ਅਭਿਆਨ ਚਲਾਉਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਭਾਰਤ ਪਾਕਿ ਸਰਹੱਦ ਦੇ ਬੀ.ਓ.ਪੀ ਮੀਆ ਆਸਲ ਉਤਾੜ (ਖੇਮਕਰਨ ਸੈਕਟਰ) ਵਿਖੇ ਬੀ.ਐੱਸ.ਐੱਫ ਦੀ 101 ਬਟਾਲੀਅਨ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਕੁਝ ਹਲਚਲ ਹੁੰਦੀ ਨਜ਼ਰ ਆਈ।ਤੁਰੰਤ ਹਰਕਤ ਵਿਚ ਆਉਂਦੇ ਹੋਏ ਜਵਾਨਾਂ ਵੱਲੋਂ ਲਲਕਾਰਿਆ ਗਿਆ। ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਤਾਰ ਨੇੜੇ ਭਾਰਤੀ ਖੇਤਰ ‘ਚੋਂ 22 ਪੈਕੇਟ ਹੈਰੋਇਨ ਬਰਾਮਦ ਹੋਈ।

ਬਰਾਮਦ ਹੈਰੋਇਨ ਦਾ ਭਾਰ ਕਰੀਬ 22 ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।ਪਾਕਿਸਤਾਨ ਵੱਲੋਂ ਭੇਜੀ ਗਈ ਹੈਰੋਇਨ ਦੀ ਇਹ ਖੇਪ ਕਿਸ ਤਸਕਰ ਤੱਕ ਪਹੁੰਚਾਈ ਜਾਣੀ ਸੀ, ਦਾ ਪਤਾ ਲਗਾਉਣ ਲਈ ਬੀ.ਐੱਸ.ਐੱਫ. ਅਤੇ ਜ਼ਿਲ੍ਹਾ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਕੀਮਤ 100 ਕਰੋੜ ਰੁਪਏ ਤੋਂ ਉੱਪਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਧੁੰਦ ਦਾ ਪੂਰਾ ਲਾਭ ਲੈਂਦੇ ਹੋਏ ਪਾਕਿਸਤਾਨ ਵੱਲੋਂ ਰੋਜ਼ਾਨਾ ਡ੍ਰੋਨ ਅਤੇ ਹੈਰੋਇਨ ਆਦਿ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬੀ.ਐੱਸ.ਐੱਫ. ਵੱਲੋਂ ਕਾਮਯਾਬ ਨਹੀਂ ਹੋਣ ਦਿੱਤਾ ਜਾ ਰਿਹਾ।

Share This :

Leave a Reply