ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਂਡ ‘ਤੇ ਕਸਿਆ ਵਿਅੰਗ

ਚੰਡੀਗੜ੍ਹ, ਮੀਡੀਆ ਬਿਊਰੋ:

ਕਾਂਗਰਸ ਦੀ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਚੁੱਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜੀ-23 ਗਰੁੱਪ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਪਾਰਟੀ ਹਾਈਕਮਾਂਡ ‘ਤੇ ਚੁਟਕੀ ਲਈ ਹੈ।

ਜਾਖੜ ਨੇ ਕਿਹਾ ਹੈ, ‘ਝੁਕ ਕੇ ਸਲਾਮ ਕਰਨ ‘ਚ ਕੀ ਹਰਜ਼ ਹੈ, ਪਰ ਇੰਨਾ ਸਿਰ ਨਾ ਝੁਕਾਓ ਕਿ ਟੋਪੀ ਡਿੱਗ ਜਾਵੇ।’ ਸੀਨੀਅਰ ਆਗੂ ਨੇ ਜਿੱਥੇ ਕਾਂਗਰਸ ਹਾਈਕਮਾਂਡ ਨੂੰ ਨਸੀਹਤ ਦਿੱਤੀ ਹੈ, ਉੱਥੇ ਹੀ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਆਪਣੇ ਟਵਿੱਟਰ ਹੈਂਡਲ ‘ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਜੀ-23 ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਬਾਰੇ ਖ਼ਬਰਾਂ ਨੂੰ ਜੋੜਦੇ ਹੋਏ, ਜਾਖੜ ਨੇ ਲਿਖਿਆ, “ਅਸੰਤੁਸ਼ਟਾਂ ਨੂੰ ਬਹੁਤ ਜ਼ਿਆਦਾ ਖੁਸ਼ ਕਰਨਾ ਨਾ ਸਿਰਫ ਅਧਿਕਾਰ ਨੂੰ ਕਮਜ਼ੋਰ ਕਰੇਗੀ, ਬਲਕਿ ਇੱਕ ਹੀ ਸਮੇਂ ‘ਚ ਕੈਡਰ ਨੂੰ ਨਿਰਾਸ਼ ਕਰਦੇ ਹੋਏ ਹੋਰ ਅਸੰਤੁਸ਼ਟਾਂ ਨੂੰ ਵੀ ਉਤਸ਼ਾਹਿਤ ਕਰੇਗੀ।

ਝੁਕ ਕਰ ਸਲਾਮ ਕਰਨੇ ਮੇਂ ਕਿਆ ਹਰਜ ਹੈ ਮਗਰ

ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ

ਜਾਖੜ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜਿਸ ਤਰ੍ਹਾਂ ਪਾਰਟੀ ਹਾਈਕਮਾਂਡ ਪੰਜ ਸੂਬਿਆਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਜੀ-23 ਦੀ ਨਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨਾਲ ਪਾਰਟੀ ਨੂੰ ਹੋਰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਪਾਰਟੀ ਹਾਈਕਮਾਂਡ ‘ਚ ਪਾਰਟੀ ਕਾਡਰ ਦਾ ਅਕਸ ਖ਼ਰਾਬ ਹੋਵੇਗਾ। ਕਾਂਗਰਸ ਹਾਈਕਮਾਂਡ ’ਤੇ ਪਹਿਲਾਂ ਹੀ ਦੋਸ਼ ਲੱਗਦੇ ਰਹੇ ਹਨ ਕਿ ਉਹ ਸਮੇਂ ਸਿਰ ਕੋਈ ਠੋਸ ਫੈਸਲਾ ਨਹੀਂ ਲੈ ਸਕੀ।

ਸੁਨੀਲ ਜਾਖੜ ਨੇ ਕਾਂਗਰਸ ਦੇ ਮਤਭੇਦਾਂ ਕਾਰਨ ਇਸ ਵਾਰ ਵਿਧਾਨ ਸਭਾ ਦੀ ਚੋਣ ਵੀ ਨਹੀਂ ਲੜੀ। ਇੰਨਾ ਹੀ ਨਹੀਂ ਚੋਣਾਂ ਦੌਰਾਨ ਹੀ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਸਰਗਰਮ ਰਾਜਨੀਤੀ ਨਹੀਂ ਕਰਨਗੇ। ਜਾਖੜ ਹਮੇਸ਼ਾ ਹੀ ਕਾਂਗਰਸ ਹਾਈਕਮਾਂਡ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ ਪਰ ਜਦੋਂ ਹਾਈਕਮਾਂਡ ਦੀ ਇੱਛਾ ਅਤੇ 42 ਵਿਧਾਇਕਾਂ ਦੀ ਹਮਾਇਤ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਜਾਖੜ ਉਦੋਂ ਤੋਂ ਹੀ ਨਿਰਾਸ਼ ਨਜ਼ਰ ਆ ਰਹੇ ਹਨ।

ਜਾਖੜ ਨੇ ਸੋਨੀਆ ਗਾਂਧੀ ਦੀ ਕਰੀਬੀ ਅਤੇ ਸੀਨੀਅਰ ਨੇਤਾ ਅੰਬਿਕਾ ਸੋਨੀ ‘ਤੇ ਖੁੱਲ੍ਹੇਆਮ ਹਮਲੇ ਕਰਦੇ ਹੋਏ ਕਿਹਾ ਸੀ ਕਿ ਪੰਜਾਬ ‘ਚ ਸਿਰਫ ਪੱਗ ਵਾਲਾ ਮੁੱਖ ਮੰਤਰੀ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਹ ਨੀਤੀ ਕਾਂਗਰਸ ਦੀ ਧਰਮ ਨਿਰਪੱਖਤਾ ਦੇ ਖ਼ਿਲਾਫ਼ ਹੈ। ਜਿਸ ਤੋਂ ਬਾਅਦ ਹੁਣ ਜਾਖੜ ਨੇ ਜੀ-23 ਨੂੰ ਲੈ ਕੇ ਪਾਰਟੀ ਹਾਈਕਮਾਂਡ ਨੂੰ ਤਾਅਨਾ ਮਾਰਿਆ ਹੈ।

Share This :

Leave a Reply