ਚੰਡੀਗੜ੍ਹ (ਮੀਡੀਆ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿਚ ਕੇਂਦਰੀ ਬਲਾਂ ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦੇ ਕੇਂਦਰ ਦੇ ਫੈਸਲੇ ਤੋਂ ਪੈਦਾ ਹੋਏ ਖਤਰੇ ਨੁੰ ਘੱਟ ਦੱਸਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਉਹਨਾਂ ਦੇ ਇਸ ਦਾਅਵੇ ਨਾਲ ਉਹਨਾਂ ਦੀ ਤਜਵੀਜ਼ਸ਼ੁਦਾ ਸਰਬ ਪਾਰਟੀ ਦਾ ਮਕਸਦ ਹੀ ਅਰਥਹੀਣ ਹੋ ਗਏ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਬੀ ਐਸ ਐਫ ਦੀ ਪੰਜਾਬ ਵਿਚ ਤਾਇਨਾਤੀ ਦੇ ਮਾਮਲੇ ’ਤੇ ਗੁੰਮਰਾਹ ਕਰਨ ਦੇ ਇਰਾਦੇ ਨਾਲ ਗੱਲ ਕਰ ਰਹੇ ਹਨ। ਇਸ ਪਾਸੇ ਤਾਂ ਚੰਨੀ ਆਖ ਰਹੇ ਹਨ ਕਿ ਹਫੜਾ ਦਫੜੀ ਮਚਾਉਣ ਦੀ ਜ਼ਰੂਰਤ ਨਹੀਂ ਹੈ ਤੇ ਦੂਜੇ ਪਾਸੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਗੱਲ ਕਰ ਰਹੇ ਹਨ।
ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੇ ਕੇਂਦਰ ਦੇ ਫੈਸਲੇ ਨਾਲ ਪੈਦਾ ਹੋਏ ਖਤਰੇ ਨੁੰ ਰੱਦ ਕ ਕੇ ਸਰਬ ਪਾਰਟੀ ਮੀਟਿੰਗ ਨੁੰ ਹੀ ਅਰਥਹੀਣ ਬਣਾ ਦਿੱਤਾ ਹੈ। ਉਹਨਾਂ ਨੇ ਚੰਨੀ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਜੇਕਰ ਉਹ ਦਾਅਵੇ ਕਰਦੇ ਹਨ ਕਿ ਅਕਾਲੀ ਦਲ ਬੇਲੋੜਾ ਹੀ ਚਿੰਤਾ ਵਿਚ ਪਿਆ ਹੈ ਤਾਂ ਫਿਰ ਉਹ ਕੇਂਦਰ ਦੀ ਕਾਰਵਾਈ ’ਤੇ ਇਤਰਾਜ਼ ਕਿਉਂ ਪ੍ਰਗਟ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਨੀ ਮਾਮਲੇ ਵਿਚ ਕੇਂਦਰ ਦੀ ਕਹਾਣੀ ਦਾ ਪਸਾਰ ਕਰ ਰਹੇ ਹਨ ਕਿ ਕੇਂਦਰ ਦਾ ਫੈਸਲਾ ਸੂਬੇ ਦੀ ਖੁਦਮੁਖਤਿਆਰੀ ਦੀ ਵੱਡੀ ਉਲੰਘਣਾ ਨਹੀਂ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਨੀ ਸਿਰਫ ਲੋਕਾਂ ਦੇ ਰੋਹ ਤੋਂ ਬਚਣ ਵਾਸਤੇ ਵਿਰੋਧ ਦਾ ਵਿਖਾਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਉਦੋਂ ਆਪਣੀ ਚੁੱਪੀ ਤੋੜੀ ਹੈ ਜਦੋਂ ਉਹਨਾਂ ਨੂੰ ਘੇਰਿਆ ਗਿਆ ਹੈ।
ਉਹਨਾਂ ਕਿਹਾ ਕਿ ਪਹਿਲਾਂ ਉਹ ਇਹ ਜਵਾਬ ਦੇਣ ਕਿ ਉਹਨਾਂ ਨੇ 5 ਅਕਤੂਬਰ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵਿਚ ਇਸ ਤਜਵੀਜ਼ ਲਈ ਹਾਮੀ ਕਿਉਂ ਭਰੀ। ਉਹ ਇਹ ਵੀ ਦੱਸਣ ਕਿ ਉਹਨਾਂ ਨੇ ਇਸ ਮਾਮਲੇ ’ਤੇ ਹਾਲੇ ਤੱਕ ਕੋਈ ਠੋਸ ਵਿਰੋਧ ਕਿਉਂ ਨਹੀਂ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ’ਤੇ ਸਿਧਾਂਤਕ ਸਟੈਂਡ ਲਿਆ ਹੈ ਕਿ ਇਸ ਨਾਲ ਸੰਘਵਾਦ ਕਮਜ਼ੋਰ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਯ ਕਦਮ ਨਾਲ ਸਰਹੱਦੀ ਇਲਾਕਿਆਂ ਵਿਚ ਦਮਨਕਾਰੀ ਨੀਤੀਆਂ ਦਾ ਖਤਰਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਚੰਨੀ ਪੰਜਾਬੀਆਂ ਨੂੰ ਦੱਸਣ ਕਿ ਕੀ ਅਜਿਹਾ ਨਹੀਂ ਹੈ ? ਉਹਨਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਖਦਸ਼ੇ ਵਿਚ ਪਏ ਹਨ ਕਿ ਸੀਨੀਅਰ ਪੁਲਿਸ ਅਫਸਰਾਂ ਨੇ ਬੀ ਐਸ ਐਫ ਨੁੰ ਰਿਪੋਰਟ ਕਰਨਾ ਕਿਉਂ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਜਾਏ ਇਸ ਕਹਾਣੀ ਨੁੰ ਦਰੁੱਸਤ ਕਰਨ ਦੇ ਮੁੱਖ ਮੰਤਰੀ ਅਕਾਲੀ ਦਲ ’ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਗਾ ਰਹੇ ਹਨ।
ਉਹਨਾਂ ਕਿਹਾ ਕਿ ਉਹ ਗੱਲ ਨੁੰ ਦਰੁੱਸਤ ਕਰਨਾ ਚਾਹੁੰਦੇ ਹਨ ਕਿ ਅਕਾਲੀ ਦਲ ਤਾਂ ਹਮੇਸ਼ਾ ਹੀ ਜ਼ਿੰਮੇਵਾਰੀ ਨਾਲ ਪੇਸ਼ ਆਇਆ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਸਮੇਂ ਦਾ ਕਾਰਜਕਾਲ ਇਸ ਗੱਲ ਦਾ ਗਵਾਹ ਹੈ। ਉਹਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਹੈ ਜਿਸਨੇ ਲੋਕਾਂ ਨੁੰ ਹਮੇਸ਼ਾ ਫਿਰਕੁ ਲੀਹਾਂ ’ਤੇ ਵੰਡਿਆ ਹੈ। ਉੁਹਨਾਂ ਕਿਹਾ ਕਿ ਹੁਣ ਵੀ ਜੇਕਰ ਅਸੀਂ ਕੇਂਦਰ ਨੂੰ ਅੱਧੇ ਪੰਜਾਬ ’ਤੇ ਕੰਟਰੋਲ ਦੀ ਆਗਿਆ ਦੇਵਾਂਗੇ ਤਾਂ ਇਸ ਨਾਲ ਖਿੱਤੇ ਵਿਚ ਤਣਾਅ ਹੀ ਵਧੇਗਾ। ਉਹਨਾਂ ਕਿਹਾ ਕਿ ਚੰਨੀ ਨੂੰ ਮਾਮਲੇ ਦਾ ਖਤਰਾ ਘੱਟ ਦੱਸਣ ਦੀ ਥਾਂ ਇਸਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਹੋ ਰਹੇ ਪ੍ਰਦੂਸ਼ਣ ਦੇ ਅਸਲ ਕਾਰਨਾਂ ’ਤੇ ਝਾਤ ਮਾਰਨ ਦੀ ਥਾਂ ਪੰਜਾਬ ਦੀ ਬਦਨਾਮੀ ਕਰਨ ’ਤੇ ਉਹਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਪੰਜਾਬ ਦੇ ਵਿਰੁੱਧ ਭੁਗਤੇ ਹੋਣ।
ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰ ਕੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਵਕਾਲਤ ਕੀਤੀ ਸੀ। ਜਦੋਂ ਉਹਨਾਂ ਤੋਂ ਨਵਜੋਤ ਸਿੱਧੂ ਵੱਲੋਂ ਆਪਣੇ ਅਸਤੀਫੇ ਦੇ ਮਾਮਲੇ ਵਿਚ ਪਲਟੀ ਮਾਰਨ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਸਿਧੂ ਆਪ ਪੰਜਾਬੀਆਂ ਨੂੰ ਦੱਸਣ ਕਿ ਹੁਣ ਉਹਨਾਂ ਦੇ ਸਿਧਾਂਤਾਂ ਦਾ ਕੀ ਹੋਇਆ। ਉਹਨਾਂ ਕਿਹਾ ਕਿ ਬਜਾਏ ਹਰ ਕੀਮਤ ’ਤੇ ਆਪਣੇ ਸਿਧਾਂਤਾਂ ਲਈ ਡਟਣ ਦੀ ਥਾਂ ਸਿੱਧੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਝਾੜ ਝੰਬ ਕੀਤੇ ਜਾਣ ਤੋਂ ਬਾਅਦ ਦਬਾਅ ਹੇਠ ਆ ਗਏ ਹਨ। ਉਹਨਾਂ ਕਿਹਾ ਕਿ ਹੁਣ ਤਾਂ ਭ੍ਰਿਸ਼ਟ ਮੰਤਰੀ ਵੀ ਉਹਨਾਂ ਨੂੰ ਪ੍ਰਵਾਨ ਹਨ। ਸਰਦਾਰ ਬਾਦਲ ਜਿਹਨਾਂ ਦੇ ਨਾਲ ਸੀਨੀਅਰ ਆਗੂ ਡਾ. ਮਹਿੰਦਰ ਰਿਣਵਾ ਜੋ ਕਿ ਇਸ ਸ਼ਹਿਰ ਤੋਂ ਪਾਰਟੀ ਦੇ ਉਮੀਦਵਾਰ ਹਨ, ਵੀ ਸਨ, ਨੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਲਕੇ ਵਿਚ ਕੀਤੀ ਵਧੀਕੀ ਤੇ ਧੱਕੇਸ਼ਾਹੀ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜਾਖੜ ਨੇ ਇਕ ਸਿੰਡੀਕੇਟ ਬਣਾ ਰੱਖੀ ਸੀ ਜੋ ਇਲਾਕੇ ਵਿਚ ਕਪਾਹ ਤੇ ਨਰਮੇ ਦੇ ਭਾਅ ਦਬਾਅ ਕੇ ਰੱਖਦੇ ਸੀ।
ਉਹਨਾਂ ਕਿਹਾ ਕਿ ਸ਼ਰਾਬ ਸਿੰਡੀਕੇਟ ਸਮੇਤ ਵੱਖ ਵੱਖ ਤਰ੍ਹਾਂ ਦੀਆਂ ਸਿੰਡੀਕੇਟ ਬਣਾਈਆਂ ਹੋਈਆਂ ਸਨ। ਉਹਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਤਿਆਰ ਕੀਤੀਆਂ ਟਾਈਲਾਂ ਲੋਕ ਨਿਰਮਾਣ ਵੱਲੋਂ ਵਰਤੀਆਂ ਜਾ ਰਹੀਆਂ ਸਨ ਬਲਕਿ ਇਹ ਸਰਕਾਰ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਕਲੌਨੀਆਂ ਵਿਚ ਵੀ ਵਰਤੀਆਂ ਜਾ ਰਹੀਆਂ ਸਨ ਕਿਉਂਕਿ ਜਾਖੜ ਦੀ ਸਰਪ੍ਰਸਤੀ ਇਹਨਾ ਨੁੰ ਹਾਸਲ ਸੀ। ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਥੇ ਸਿੰਜਾਈ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰੇ ਦੌਰਾਨ ਆਪ ਦੇ ਫਾਜ਼ਿਲਕਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਰਿੰਦਰ ਸੰਘ ਖਾਲਸਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕ ਮਠਿਆਈਆਂ ਵਾਲੀ ਦੁਕਾਨ ਦੇ ਨਾਲ ਨਾਲ ਇਕ ਟੇਲ ਦੀ ਦੁਕਾਨ ਵੀ ਗਏ ਜਿਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਉਹਨਾਂ ਦੇ ਆਲੇ ਦੁਆਲੇ ਇਕੱਤਰ ਹੋ ਗਏ। ਇਸ ਮੌਕੇ ਡਾ. ਮਹਿੰਦਰ ਰਿਣਵਾ ਵੀ ਉਹਨਾਂ ਦੇ ਨਾਲ ਸਨ।
ਸਰਦਾਰ ਬਾਦਲ ਨੇ ਦੋ ਵੱਖ ਵੱਖ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨਾਲ ਵੀ ਮੁਲਾਕਾਤ ਕੀਤੀ ਤੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਕੌਫੀ ਦਾ ਕੱਪ ਸਾਂਝਾ ਕੀਤਾ। ਉਹ ਡੇਰਾ ਬਾਬਾ ਭੂਮਣ ਸ਼ਾਹ ਮੰਦਿਰ ਖੁਹੀਆਂ ਸਰਵਰ ਵਿਖੇ ਵੀ ਗਏ ਤੇ ਉਹਨਾਂ ਨੇ ਸ਼ਹਿਰ ਦੇ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਗੁਜ਼ਰਦਿਆਂ ਸਰਕੁਲਰ ਰੋਡ ਵਿਖੇ ਸਮਾਪਤ ਹੋਏ ਪ੍ਰਭਾਵਸ਼ਾਲੀ ਰੋਡ ਸ਼ੌਅ ਵਿਚ ਵੀ ਸ਼ਮੂਲੀਅਤ ਕੀਤੀ। ਬਾਅਦ ਵਿਚ ਉਹਨਾਂ ਦਾ ਫਾਜ਼ਿਲਕਾ ਵਿਖੇ ਨਿੱਘਾ ਸਵਾਗਤ ਹੋਇਆ। ਸੈਂਕੜੇ ਮੋਟਰ ਸਾਈਕਲਾਂ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੰਸ ਰਾਜ ਜੋਸਨ ਦੀ ਅਗਵਾਈ ਹੇਠ ਸ਼ਹਿਰ ਵਿਚ ਪਹੁੰਚੇ ਤੇ ਰੋਡ ਸ਼ੌਅ ਵੀ ਕੱਢਿਆ ਤੇ ਅਨੇਕਾਂ ਜਨਤਕ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਜ਼ਿਲਕਾ ਦੇ ਅਕਾਲੀ ਦਲ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਯੂਥ ਅਕਾਲੀ ਦਲ ਫਾਜ਼ਿਲਕਾ ਦੇ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਹਰਵਿੰਦਰ ਸਿੰਘ ਹੈਰੀ ਤੇ ਸਰਤਾਜਪ੍ਰੀਤ ਸਿੰਘ ਤਾਜੀ, ਐਸ ਓ ਆਈ ਮਾਲਵਾ ਜ਼ੋਨ 2 ਦੇ ਪ੍ਰਧਾਨ ਪ੍ਰਭਜੀਤ ਸਿੰਘ ਕਰਮੂਵਾਲਾ ਤੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ।