ਨਡਾਲਾ, ਮੀਡੀਆ ਬਿਊਰੋ:
ਭੁਲੱਥ ਤੋ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿਤਾ ਦੇ ਸ਼ੋਸ਼ਲ ਖਾਤੇ ਤੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਈਡੀ ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੇ ਝੂਠ ਦੇ ਪੁਲੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਹੜੀ ਈਡੀ ਨੇ ਸਾਡੇ ਤੇ ਛਾਪੇਮਾਰੀ ਦੋਰਾਨ ਮੇਰੇ ਪਿਤਾ ਨੂੰ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਕਿਹਾ ਸੀ, ਨਕਲੀ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਤੇ 1.19 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਸੀ, ਇਹ ਕੋਈ ਵੀ ਇਲਜ਼ਾਮ ਹੁਣ ਚਲਾਨ ਦਾ ਹਿੱਸਾ ਨਹੀਂ ਹਨ। ਚਲਾਨ ਮੁਤਾਬਕ ਈਡੀ ਦੀ ਕਹਾਣੀ ਨੇ ਸਿਰਫ ਤੇ ਸਿਰਫ ਸਾਡੇ ਪਰਿਵਾਰ ਦੇ 6 ਸਾਲ (2014-2020) ਦੀ ਆਮਦਨ ਅਤੇ ਖਰਚ ਵਿਚਲੇ 3.82 ਕਰੋੜ ਦੇ ਫਰਕ ਨੂੰ ਜੁਰਮ ਬਣਾਇਆ ਹੈ ਮਹਿਤਾਬ ਖਹਿਰਾ ਨੇ ਦੱਸਿਆ ਕਿ ਇਹ ਕੰਮ ਤਾਂ ਕੋਈ ਇਨਕਮ ਟੈਕਸ ਦਾ ਇੰਸਪੈਕਟਰ ਵੀ ਕਰ ਸਕਦਾ ਸੀ।
ਈਡੀ ਦੀ ਸਾਰੀ ਜਾਂਚ ਕੇਵਲ ਤੇ ਕੇਵਲ ਮੇਰੀ ਭੈਣ ਅਤੇ ਮੇਰੇ ਵਿਆਹ ਦੁਆਲੇ ਬੁਣੀ ਗਈ ਹੈ। ਈਡੀ ਨੇ ਜਾਣ ਬੁੱਝ ਕੇ ਸਾਡੀ ਖੇਤੀਬਾੜੀ ਦੀ 6 ਸਾਲ ਦੀ ਡੇਢ ਕਰੋੜ ਰੁਪਏ ਦੀ ਆਮਦਨ ਨੂੰ ਅੱਖੋਂ ਪਰੋਖੇ ਕੀਤਾ ਹੈ। ਇਸੇ ਤਰਾਂ ਹੀ ਸਾਡੇ ਪਰਿਵਾਰ ਦੀਆਂ 2 ਕਰੋੜ ਰੁਪਏ ਦੀਆਂ ਖੇਤੀਬਾੜੀ ਲਿਮਟਾਂ ਨੂੰ ਵੀ ਕਿਸੇ ਖਾਤੇ ਨਹੀਂ ਗਿਣਿਆ ਹੈ ਅਤੇ ਨਾ ਹੀ ਸਾਡੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ਼ੋਂ ਲਏ ਕਰਜ਼ਿਆਂ ਨੂੰ ਗਿਣਿਆ ਹੈ। ਬਿਨਾਂ ਕਿਸੇ ਸਬੂਤ ਦੇ ਬੱਸ ਜੁਬਾਨੀ ਕਲਾਮੀ ਇਹ ਇਲਜ਼ਾਮ ਸਾਡੇ ਪਰਿਵਾਰ ਤੇ ਲੱਗਾ ਦਿੱਤਾ ਹੈ ਕਿ ਇਹ 3.82 ਕਰੋੜ ਰੁਪਏ ਸਾਡੇ ਪਰਿਵਾਰ ਨੂੰ ਗੁਰਦੇਵ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਦਿੱਤੇ ਹਨ ਜੋ ਕਿ ਆਪ 2015 ਤੋਂ ਜੇਲ ਵਿੱਚ ਹੈ। ਇਹ ਸਾਰਾ ਮੁਕੱਦਮਾ ਈਡੀ ਨੇ ਸਿਰਫ ਤੇ ਸਿਰਫ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਬਣਾਇਆ ਹੈ। ਮਹਿਤਾਬ ਨੇ ਆਖਿਆ ਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡਾ ਪਰਿਵਾਰ ਹਮੇਸ਼ਾ ਦੀ ਤਰਾਂ ਹੱਕ, ਸੱਚ ਅਤੇ ਇਨਸਾਫ਼ ਲਈ ਦ੍ਰਿੜਤਾ ਨਾਲ ਪਹਿਰਾ ਦਿੰਦਾ ਰਹੇਗਾ






















