ਧੂਰੀ, ਮੀਡੀਆ ਬਿਊਰੋ:
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਹਲਕਾ ਧੂਰੀ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਪਡ਼੍ਹਦੇ ਵਿਦਿਆਰਥੀਆਂ ਨੂੰ ਹੁਣ ਸਕੂਲ ਫੀਸ ਅਦਾ ਨਹੀਂ ਕਰਨੀ ਪਵੇਗੀ ਸਗੋਂ ਰਾਈਸੀਲਾ ਫਾਉਂਡੇਸ਼ਨ ਧੂਰੀ ਵੱਲੋਂ ਇਹ ਫੀਸ ਅਦਾ ਕੀਤੀ ਜਾਵੇਗੀ। ਹਲਕਾ ਧੂਰੀ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸ ਅਦਾ ਕਰਨ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੀਆਂ ਫੀਸਾਂ ਦੇ ਚੈੱਕ ਮੁੱਖ ਮਹਿਮਾਨ ਵਜੋਂ ਸਮਾਗਮ ’ਚ ਸ਼ਾਮਲ ਹੋਏ ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਰਾਈਸੀਲਾ ਫਾਉਂਡੇਸ਼ਨ ਦੇ ਟਰੱਸਟੀ ਏਆਰ ਸ਼ਰਮਾ, ਪੁਰਸ਼ੋਤਮ ਦਾਸ ਗਰਗ ਅਤੇ ਵਿਜੇ ਗੋਇਲ ਵੱਲੋਂ ਸੌਂਪੇ ਗਏ।
ਜ਼ਿਕਰਯੋਗ ਹੈ ਕਿ ਅੱਠਵੀਂ ਜਮਾਤ ਤਕ ਦੀ ਫੀਸ ਪਹਿਲਾਂ ਹੀ ਸਰਕਾਰ ਵੱਲੋਂ ਮਾਫ਼ ਹੈ ਅਤੇ ਨੌਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀਆਂ ਤੋਂ ਫੀਸ ਵਸੂਲ ਕੀਤੀ ਜਾਂਦੀ ਸੀ ਅਤੇ ਹੁਣ ਹਲਕਾ ਧੂਰੀ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਪਡ਼੍ਹਦੇ ਕਰੀਬ 3184 ਵਿਦਿਆਰਥੀਆਂ ਦੇ ਮਾਪਿਆਂ ਦੇ ਸਿਰ ਤੋਂ ਫੀਸ ਭਰਨ ਦਾ ਭਾਰ ਰਾਈਸੀਲਾ ਫਾਉਂਡੇਸ਼ਨ ਦੇ ਉਪਰਾਲੇ ਸਦਕਾ ਉਤਰ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਅੰਦਰ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀਆਂ ਧੀਆਂ ਨੂੰ ਪਡ਼੍ਹਾਉੁਣ ਦੇ ਮਕਸਦ ਨਾਲ ‘ਪਡ਼੍ਹਦਾ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਉਨ੍ਹਾਂ ਵੱਲੋਂ ਤਨਖਾਹ ਵਿਚੋਂ ਵਿੱਤੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਾਫਲਾ ਵੱਧਦਾ ਗਿਆ ਅਤੇ ਟਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ ਵੱਲੋਂ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਹੁਣ ਰਾਈਸੀਲਾ ਫਾਊਂਡੇਸ਼ਨ ਵੱਲੋਂ ਹਲਕਾ ਧੂਰੀ ਅਧੀਨ ਪੈਂਦੇ ਸਰਕਾਰੀ ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤਕ ਪਡ਼੍ਹਦੇ ਕਰੀਬ 3184 ਵਿਦਿਆਰਥੀਆਂ ਦੀ ਕਰੀਬ 26 ਲੱਖ ਰੁਪਏ ਫੀਸ ਅਦਾ ਕੀਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਦੇ ਜ਼ਿਲਾ ਸੰਗਰੂਰ ਅਤੇ ਹਲਕਾ ਧੂਰੀ ਤੋਂ ਕੀਤੀ ਗਈ ਪਹਿਲ ਨੂੰ ਪੰਜਾਬ ਭਰ ’ਚ ਪ੍ਰਫੁੱਲਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹਡ਼ੇ ਵੀ ਵਿਅਕਤੀ ਕਿਸੇ ਲੋਡ਼ਵੰਦ ਦੀ ਮਦਦ ਕਰਨ ’ਚ ਸਮਰੱਥ ਹਨ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਰਾਈਸੀਲਾ ਫਾਊਂਡੇਸ਼ਨ ਦੇ ਟਰੱਸਟੀ ਤੇ ਰਾਈਸੀਲਾ ਗਰੁੱਪ ਦੇ ਚੇਅਰਮੈਨ ਏਆਰ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਦੀ ਲੋਡ਼ ਸੰਬੰਧੀ ਦਿੱਤੇ ਬਿਆਨ ਤੋਂ ਪ੍ਰਭਾਵਿਤ ਹੋ ਕੇ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੀ ‘ਪਡ਼੍ਹਦਾ ਪੰਜਾਬ’ ਮੁਹਿੰਮ ਤੋਂ ਪ੍ਰੇਰਣਾ ਲੈਂਦਿਆਂ ਰਾਈਸੀਲਾ ਫਾਊਂੁਡੇਸ਼ਨ ਵੱਲੋਂ ਇਸ ਸੁਨੇਹੇ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ ਤੋਂ ਪੂਰੇ ਪੰਜਾਬ ਵਿਚ ਫੈਲਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਫਾਊਂਡੇਸ਼ਨ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਵਿਚੋਂ ਕਰੀਬ 26 ਲੱਖ ਰੁਪਏ ਦੇ ਚੈੱਕ ਅੱਜ ਤਕਸੀਮ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਫੀਸ ਅਦਾ ਕੀਤੀ ਜਾਂਦੀ ਰਹੇਗੀ।
ਇਸ ਮੌਕੇ ‘ਆਪ’ ਆਗੂਆਂ ਵਿੱਚ ਜਸਵੀਰ ਸਿੰਘ ਜੱਸੀ ਸੇਖੋਂ, ਡਾ. ਅਨਵਰ ਭਸੌਡ਼, ਸਤਿੰਦਰ ਸਿੰਘ ਚੱਠਾ, ਰਾਜਵੰਤ ਸਿੰਘ ਘੁੱਲੀ, ਅਮਰਦੀਪ ਸਿੰਘ ਧਾਂਦਰਾ ਤੋ ਇਲਾਵਾ ਸਕੂਲ ਤੇ ਪੁਲਿਸ ਦੇ ਉੱਚ ਅਧਿਕਾਰੀ ਹਾਜ਼ਰ ਸਨ।