ਜੀਐੱਨਡੀਯੂ ਕੈਂਪਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਮਨਾਈ ਹੋਲੀ

ਅੰਮ੍ਰਿਤਸਰ, ਮੀਡੀਆ ਬੀਊਰੋ:

ਦੋਸਤੀ ਅਤੇ ਪਿਆਰ ਦੀ ਝਲਕ ਬਿਖੇਰਦਾ ਹੋਲੀ ਦਾ ਪਾਵਨ ਪਵਿੱਤਰ ਤਿਓਹਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਮੁੱਚੇ ਵਿਭਾਗਾਂ ਦੇ ਵਿਦਿਆਰਥੀਆਂ ਦੇ ਵੱਲੋਂ ਬੜੀ ਗਰਮਜੋਸ਼ੀ ਨਾਲ ਮਨਾਇਆ ਗਿਆ।ਲਗਪਗ ਦੋ ਸਾਲ ਦੇ ਲੰਬੇ ਅਰਸੇ ਬਾਅਦ ਮੁਕੰਮਲ ਤੌਰ ਤੇ ਖੁੱਲ੍ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੋਵਿਡ 19/ ਕੋਰੋਨਾ ਮਹਾਮਾਰੀ ਦੀਆਂ ਸਮੁੱਚੀਆਂ ਪਾਬੰਦੀਆਂ ਚੁੱਕ ਲਏ ਜਾਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਸ ਦਾ ਪੂਰਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਜਿੱਥੇ ਰੱਜ ਕੇ ਇਕ ਦੂਸਰੇ ਨੂੰ ਰੰਗ ਬਿਰੰਗੇ ਰੰਗਾਂ ਦੇ ਨਾਲ ਰੰਗ ਕੇ ਖ਼ੁਸ਼ੀ ਦਾ ਇਜ਼ਹਾਰ ਕਰਨ ਦੇ ਨਾਲ ਨਾਲ ਇਕ ਦੂਸਰੇ ਨੂੰ ਹੋਲੇ ਮੁਹੱਲੇ ਦੀਆਂ ਵਧਾਈਆਂ ਦਿੱਤੀਆਂ ਉਥੇ ਜੰਮ ਕੇ ਮੌਜ ਮਸਤੀ ਵੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਵਿਦਿਆਰਥੀ ਹੋਲੀ ਖੇਡਣ ਦੇ ਮਕਸਦ ਨਾਲ ਇਕ ਦੂਸਰੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਵੇਖੇ ਗਏ।ਮਹਿਲਾ-ਪੁਰਸ਼ ਵਿਦਿਆਰਥੀਆਂ ਦੇ ਝੁੰਡ ਇਕ ਦੂਸਰੇ ਦੇ ਵਿਭਾਗ ਵਿੱਚ ਜਾ ਕੇ ਇਕ ਦੂਸਰੇ ਨੂੰ ਗੁਲਾਲ ਨਾਲ ਰੰਗਦੇ ਵੇਖੇ ਗਏ।ਜਿਕਰ ਯੋਗ ਹੈ ਕਿ ਜੀਐੱਨਡੀਯੂ ਦੇ ਵਿਦਿਆਰਥੀਆਂ ਦੇ ਵੱਲੋਂ ਸਾਲ ਦੇ ਵਿੱਚ ਮਨਾਏ ਜਾਣ ਵਾਲੇ ਹੋਰਨਾਂ ਤਿਓਹਾਰਾਂ ਦੇ ਮੁਕਾਬਲੇ ਹੋਲੀ ਦਾ ਤਿਉਹਾਰ ਪੂਰੀ ਸਰਗਰਮੀ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ।ਪੂਰਾ ਦਿਨ ਹੱਥਾਂ ਵਿੱਚ ਰੰਗ ਲੈ ਕੇ ਵਿਦਿਆਰਥੀ ਆਸੇ ਪਾਸੇ ਚਹਿਲ ਕਦਮੀ ਕਰਨ ਦੇ ਨਾਲ ਨਾਲ ਵੱਖ ਵੱਖ ਵਾਹਨਾਂ ਤੇ ਸਵਾਰ ਹੋ ਕੇ ਹੋਲੀ ਖੇਡਦੇ ਵੇਖੇ ਗਏ।ਇਸ ਦੌਰਾਨ ਕਈ ਵਿਦਿਆਰਥੀਆਂ ਦੇ ਵੱਲੋਂ ਆਪਣੇ ਹੋਰਨਾਂ ਸਾਥੀਆਂ ਦੇ ਇਸ ਸਮੁੱਚੇ ਸਿਲਸਿਲੇ ਤੋਂ ਦੂਰੀ ਬਣਾ ਕੇ ਰੱਖਣ ਨੂੰ ਹੀ ਪਹਿਲ ਦਿੱਤੀ ਗਈ।

ਵਿਦਿਆਰਥੀਆਂ ਦੇ ਵੱਲੋਂ ਵੱਖ ਵੱਖ ਪ੍ਰਕਾਰ ਦੇ ਰੰਗਾਂ, ਪਾਣੀ ਵਾਲੇ ਗੁਬਾਰਿਆਂ,ਆਂਡਿਆਂ ਤੇ ਮਜ਼ਾਕੀਆ ਲਿਹਾਜ਼ੇ ਦੇ ਚੱਲਦਿਆਂ ਚਿੱਕੜ ਅਤੇ ਸਾਦੇ ਪਾਣੀ ਦੀ ਖ਼ੂਬ ਵਰਤੋਂ ਕਰਦੇ ਵੇਖਿਆ ਗਿਆ।ਦੇਸ਼-ਵਿਦੇਸ਼ ਦੇ ਸਮੁੱਚੇ ਧਰਮਾਂ ਤੇ ਵਰਗਾਂ ਦਾ ਸੁਮੇਲ ਬਣ ਚੁੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਹੋਲੀ ਮਨਾਏ ਜਾਣ ਦੇ ਸਿਲਸਿਲੇ ਨੇ ਵਿਦਿਆਰਥੀਆਂ ਨੂੰ ਦਿਲੀ ਖ਼ੁਸ਼ੀ ਤਾਂ ਪ੍ਰਦਾਨ ਕੀਤੀ ਹੀ ਸਗੋਂ ਇਸ ਦੇ ਨਾਲ ਨਾਲ ਨਾਲ ਏਕਤਾ ਤੇ ਅਖੰਡਤਾ ਦਾ ਬਹੁਤ ਹੀ ਸ਼ਾਨਦਾਰ ਤੇ ਬੇਮਿਸਾਲ ਸੁਨੇਹਾ ਵੀ ਦਿੱਤਾ।ਜੀਐੱਨਡੀਯੂ ਕੈਂਪਸ ਵਿਖੇ ਸਥਿਤ ਵੱਖ ਵੱਖ ਕੰਟੀਨਾਂ ਤੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਕਾਰ ਦੇ ਪਕਵਾਨਾ ਤੇ ਜਲਪਾਨ ਦਾ ਵੀ ਖ਼ੂਬ ਲੁਤਫ਼ ਉਠਾਇਆ ਗਿਆ।ਮਾਹਰਾਂ ਦੇ ਵੱਲੋਂ ਕੈਮੀਕਲ ਭਰਪੂਰ ਰੰਗਾਂ ਨੂੰ ਵਰਤੋਂ ਵਿੱਚ ਨਾ ਲਿਆਉਣ ਦੀ ਚਿਤਾਵਨੀ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਪੂਰਾ ਦਿਨ ਆਮ ਤੇ ਸਾਧਾਰਨ ਰੰਗਾਂ ਨੂੰ ਹੀ ਵਰਤੋਂ ਵਿੱਚ ਲਿਆਉਂਦਿਆਂ ਵੇਖਿਆ ਗਿਆ।ਜਦੋਂਕਿ ਤਿਲਕ ਹੋਲੀ ਦੀ ਕਿਸੇ ਵੀ ਪਾਸੇ ਬਾਤ ਪੈਂਦੀ ਨਹੀਂ ਵੇਖੀ ਗਈ। ਇਸ ਮੌਕੇ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਸਵਾਤੀ ਮਹਾਜਨ, ਸਾਹਿਬਪ੍ਰੀਤ ਕੌਰ,ਰਨਵੀਰ ਕੌਰ, ਨਵਜੋਤ ਸਿੰਘ,ਤੁਸ਼ਾਰ ਗੁਪਤਾ, ਸ਼ਰਨਜੀਤ ਕੌਰ, ਮੰਜੂ, ਰਜਵੰਤ ਕੌਰ ਕਵਿਤਾ ਆਦਿ ਨੇ ਸਾਂਝੇ ਰੂਪ ਵਿੱਚ ਕਿਹਾ ਕੈਂਪਸ ਦੇ ਵਿਦਿਆਰਥੀ ਪੜ੍ਹਨ ਦੇ ਸਮੇਂ ਪੜ੍ਹਾਈ ਕਰਦੇ ਹਨ,ਖੇਡਾਂ ਦੇ ਸਮੇਂ ਖੇਡਦੇ ਹਨ ਜਦੋਂ ਕਿ ਭਾਰਤੀ ਸੱਭਿਅਤਾ ਦੇ ਵਿੱਚ ਅਹਿਮ ਸਥਾਨ ਰੱਖਣ ਵਾਲੇ ਤਿਉਹਾਰਾਂ ਨੂੰ ਵੀ ਰਲ ਮਿਲ ਕੇ ਮਨਾਉਂਦੇ ਹਨ ਹੋਲੀ ਦਾ ਤਿਓਹਾਰ ਮਨਾਏ ਜਾਣਾ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੈਂਪਸ ਦੇ ਸਮੁੱਚੇ ਵਿਦਿਆਰਥੀਆਂ ਦੇ ਵੱਲੋਂ ਆਪਣੇ ਵਿਰਾਸਤੀ, ਸਿਧਾਂਤਾਂ, ਰਹੁਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦਾ ਵੀ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ।ਜਾਣੇ ਅਣਜਾਣੇ ਦੇ ਵਿੱਚ ਕਿਸੇ ਵਿਦਿਆਰਥੀ ਜਾਂ ਬਾਹਰੀ ਸ਼ਰਾਰਤੀ ਅਨਸਰ ਦੇ ਵੱਲੋਂ ਕੀਤੀ ਗਈ ਅਨੁਸ਼ਾਸਨ ਹੀਣਤਾ ਦੇ ਕਾਰਨ ਸਮੁੱਚੇ ਵਿਦਿਆਰਥੀਆਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸੱਕਦਾ।ਕੋਈ ਵੀ ਤਿਓਹਾਰ ਜਾਂ ਮੇਲਾ ਮਨਾਏ ਜਾਣ ਨੂੰ ਲੈ ਕੇ ਜੀਐੱਨਡੀਯੂ ਪ੍ਰਬੰਧਨ ਦੇ ਵੱਲੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ।

Share This :

Leave a Reply