ਨਵੀਂ ਦਿੱਲੀ, ਮੀਡੀਆ ਬਿਊਰੋ:
ਕਾਂਗਰਸ ਪਾਰਟੀ ਅਨੁਸ਼ਾਸਨਹੀਣਤਾ ਕਰਨ ਵਾਲੇ ਆਗੂਆਂ ਖਿਲਾਫ ਸਖਤ ਸਟੈਂਡ ਲੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਸੋਮਵਾਰ ਨੂੰ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਬੈਠਕ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਕੇ.ਵੀ.ਥਾਮਸ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਆਗੂਆਂ ਦੀਆਂ ਗਤੀਵਿਧੀਆਂ ‘ਤੇ ਚਰਚਾ ਹੋ ਸਕਦੀ ਹੈ। ਹਾਲ ਹੀ ਵਿੱਚ ਪਾਰਟੀ ਨੇ ਪੰਜਾਬ, ਉਤਰਾਖੰਡ ਵਿੱਚ ਪਾਰਟੀ ਦੇ ਨਵੇਂ ਮੁਖੀ ਨਿਯੁਕਤ ਕੀਤੇ ਹਨ।
ਏਜੰਸੀ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਬੈਠਕ ਵਿੱਚ ਕੇਰਲ ਤੋਂ ਥਾਮਸ, ਪੰਜਾਬ ਤੋਂ ਜਾਖੜ ਅਤੇ ਮਿਜ਼ੋਰਮ ਤੋਂ ਪਾਰਟੀ ਦੇ ਕੁਝ ਹੋਰ ਨੇਤਾਵਾਂ ਦੀਆਂ ਗਤੀਵਿਧੀਆਂ ‘ਤੇ ਚਰਚਾ ਕੀਤੀ ਜਾਵੇਗੀ।
ਏਜੰਸੀ ਮੁਤਾਬਕ ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਕਮੇਟੀ ਦੀ ਮੀਟਿੰਗ ਦੁਪਹਿਰ 12 ਵਜੇ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬੈਠਕ ਕਿੱਥੇ ਹੋਵੇਗੀ।
ਹਾਲ ਹੀ ‘ਚ ਥਾਮਸ ਨੇ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਕੰਨੂਰ ‘ਚ ਆਯੋਜਿਤ ਮਾਕਪਾ ਦੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ। ਇਸ ਬਾਰੇ ਕੇਰਲ ਕਾਂਗਰਸ ਪ੍ਰਧਾਨ ਕੇ ਸੁਧਾਕਰਨ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਵੀ ਲਿਖਿਆ ਹੈ। ਉਸ ਨੇ ਥਾਮਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਖਾਸ ਗੱਲ ਇਹ ਹੈ ਕਿ ਤਿਰੂਵਨੰਤਪੁਰਮ ਦੇ ਸਾਂਸਦ ਸ਼ਸ਼ੀ ਥਰੂਰ ਵੀ ਇਸ ਸਮਾਗਮ ‘ਚ ਸ਼ਾਮਲ ਹੋਣ ਵਾਲੇ ਸਨ, ਪਰ ਉਨ੍ਹਾਂ ਪਾਰਟੀ ਦੇ ਫੈਸਲੇ ਤੋਂ ਬਾਅਦ ਸੈਮੀਨਾਰ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।