ਚੰਨੀ ਤੇ ਰੰਧਾਵਾ ਨੇ ਪਾਇਆ ਝੂਠਾ ਕੇਸ
ਪਟਿਆਲਾ, ਮੀਡੀਆ ਬਿਊਰੋ:
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਝੂਠਾ ਕੇਸ ਪਾਇਆ ਹੈ। ਅਕਾਲੀ ਦਲ ਨੂੰ ਇਨਾਂ ਦਾ ਕੋਈ ਡਰ ਨਹੀਂ, ਅਦਾਲਤਾਂ ’ਤੇ ਪੂਰਾ ਵਿਸ਼ਵਾਸ਼ ਹੈ। ਬਿਕਰਮ ਮਜੀਠੀਆ ਨੂੰ ਜੇਲ੍ਹ ਵਿਚ ਮਿਲਣ ਪੁੱਜੇ ਸੁਖਬੀਰ ਸਿੰਘ ਬਾਦਲ ਦੇ ਨਾਲ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ। ਜੇਲ੍ਹ ਵਿਚ ਕਰੀਬ ਡੇਢ ਘੰਟੇ ਦੀ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਕੇਸ ਕਦੇ ਹਿੰਦੂਸਤਾਨ ਵਿਚ ਨਹੀਂ ਹੋਇਆ, ਜੋ ਡੀਜੀਪੀ ਨੇ ਖੁਦ ਧਾਰਾਵਾਂ ਲਗਵਾ ਕੇ ਦਬਾਅ ਨਾਲ ਦਰਜ ਕਰਵਾਇਆ ਹੋਵੇ। ਉਨਾਂ ਕਿਹਾ ਕਿ ਸਾਰੀ ਪਾਰਟੀ ਮਜੀਠੀਆ ਦੇ ਨਾਲ ਖੜੀ ਹੈ ਤੇ 10 ਤਰੀਕ ਤੋਂ ਬਾਅਦ ਫੇਰ ਪੰਜਾਬੀਆਂ ਦੀ ਸਰਕਾਰ ਆਵੇਗੀ। ਇਸ ਵਾਰ ਅਕਾਲੀ ਦਲ ਪੰਜਾਬ ਵਿਚ 80 ਸੀਟਾਂ ਜਿੱਤ ਕੇ ਸਰਕਾਰ ਬਣਾਵੇਗਾ।
ਬਾਦਲ ਨੇ ਕਿਹਾ ਕਿ ਯੂਕਰੇਨ ਵਿਚ ਪੰਜਾਬ ਦੇ ਬੁਹਤ ਬੱਚੇ ਫਸੇ ਹੋਏ ਹਨ, ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਗਤੀਵਿਧੀ ਵਧਾਵੇ। ਰਸ਼ੀਆ ਨਾਲ ਭਾਰਤ ਆਪਣੇ ਚੰਗੇ ਸਬੰਧਾਂ ਦਾ ਲਾਭ ਲੈਂਦਿਆਂ ਸਾਰੇ ਭਾਰਤੀਆਂ ਨੂੰ ਜਲਦ ਆਪਣੇ ਦੇਸ਼ ਲਿਆਵੇ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹਰਕਤ ਵਿਚ ਆਵੇ ਤੇ ਅਧਿਕਾਰੀ ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਕਦਮ ਚੁੱਕਣ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮਨੇਜਮੈਂਟ ਵਿਚੋਂ ਸੂਬੇ ਦਾ ਦਖਲ ਖਤਮ ਕਰਨਾ ਮੰਦਭਾਗਾ ਹੈ, ਇਸਦੀ ਅਕਾਲੀ ਦਲ ਨਿਖੇਧੀ ਕਰਦਾ ਹੈ। ਬਾਦਲ ਨੇ ਕਿਹਾ ਕਿ ਪਿਛਲੀ ਵਾਰ ਗੁਲਾਬੀ ਸੁੰਢੀ ਨੇ ਫਸਲਾਂ ਦਾ ਨੁਕਸਾਨ ਹੋਇਆ ਪਰ ਪੰਜਾਬ ਸਰਕਾਰ ਨੇ ਮੁਆਵਜਾ ਨਹੀਂ ਦਿੱਤਾ ਤੇ ਹੁਣ ਫੇਰ ਫਸਲਾਂ ਦਾ ਨੁਕਸਾਨ ਹੋਣ ਲੱਗਿਆ ਹੈ। ਭਾਵੇਂ ਹੁਣ 10 ਦਿਨ ਦੀ ਸਰਕਾਰ ਰਹਿ ਗਈ ਹੈ ਪਰ ਪ੍ਰਮੁੱਖ ਸਕੱਤਰ ਨੂੰ ਚਾਹੀਦਾ ਹੈ ਕਿ ਇਸ ਦਾ ਮੁਆਇਨਾ ਕਰਵਾਇਆ ਜਾਵੇ।
ਬਿਕਰਮ ਸਿੰਘ ਮਜੀਠੀਆ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਭਰਾ ਹਨ ਤੇ ਅੰਮ੍ਰਿਤਸਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਲੜ ਚੁੱਕੇ ਹਨ। ਦਰਅਸਲ ਡਰੱਗ ਮਾਮਲੇ ‘ਚ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੋਹਾਲੀ ਦੀ ਸਥਾਨਕ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 8 ਮਾਰਚ ਤਕ ਜੂਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਇਸ ਤੋਂ ਪਹਿਲਾਂ ਪੰਜਾਬ ‘ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਿਕਰਮ ਸਿੰਘ ਮਜੀਠੀਆ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਤਹਿਤ ਇੱਕ ਅਪਰਾਧਿਕ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਗਈ ਸੀ।