ਖੰਨਾ (ਪਰਮਜੀਤ ਸਿੰਘ ਧੀਮਾਨ) –ਕਾਂਗਰਸ ਪਾਰਟੀ ਵੱਲੋਂ ਖੰਨਾ ਸ਼ਹਿਰ ਤੇ ਇਲਾਕੇ ’ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾਣ ਦੇ ਦਾਅਵੇ ਤਾਂ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਕਰਵਾਇਆ ਵਿਕਾਸ ਸਿਰਫ਼ ਕਾਂਗਰਸੀ ਆਗੂਆਂ ਨੂੰ ਹੀ ਕਿਉਂ ਨਜਰ ਆਉਂਦਾ ਹੈ, ਆਮ ਜਨਤਾ ਨੂੰ ਵਿਕਾਸ ਨਜਰ ਕਿਉਂ ਨਹੀਂ ਆਉਂਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲਾਈਨੋਂ ਪਾਰ ਇਲਾਕਾ ਕਾਂਗਰਸ ਪਾਰਟੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਪੋਲ ਖੋਲ੍ਹਦਾ ਹੈ, ਜਿੱਥੇ ਵਿਕਾਸ ਕਾਰਜਾਂ ਦੇ ਨਾਮ ’ਤੇ ਇਲਾਕੇ ਦੇ ਲੋਕਾਂ ਨਾਲ ਬਹੁਤ ਕੋਝਾ ਮਜਾਕ ਕੀਤਾ ਗਿਆ ਹੈ। ਮੌਕਾਪ੍ਰਸਤ ਲੀਡਰਾਂ ਦੀਆਂ ਚਲਾਕੀਆਂ ਕਾਰਨ ਲਾਈਨੋਂ ਪਾਰ ਇਲਾਕੇ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਨਰਕ ਰੂਪੀ ਜੀਵਨ ਬਤੀਤ ਕਰਨ ਲਈ ਮਜਬੂਰ ਹਨ, ਪਰ ਅਖੌਤੀ ਸਿਆਸਤਦਾਨਾਂ ਨੇ ਭੋਲੇ ਭਾਲੇ ਲੋਕਾਂ ਨੂੰ ਹਮੇਸ਼ਾਂ ਸੁਪਨੇ ਦਿਖਾ ਕੇ ਵੋਟਾਂ ਤਾਂ ਬਟੋਰੀਆਂ ਪਰ ਵਿਕਾਸ ਦੇ ਨਾਮ ’ਤੇ ਕੁੱਝ ਵੀ ਨਹੀਂ ਕੀਤਾ।
ਅਕਾਲੀ ਆਗੂ ਟਿੱਲੂ ਨੇ ਕਿਹਾ ਕਿ ਨਗਰ ਕੌਂਸਲ ’ਤੇ ਲੰਬਾ ਸਮਾਂ ਕਾਂਗਰਸ ਪਾਰਟੀ ਦਾ ਕਬਜਾ ਰਿਹਾ ਹੈ ਤਾਂ ਅਕਾਲੀ ਦਲ-ਭਾਜਪਾ ਗੱਠਜੋੜ ਕੋਲ ਵੀ ਸ਼ਹਿਰ ਦਾ ਵਿਕਾਸ ਕਰਵਾਉਣ ਵਾਲੀ ਗੱਡੀ ਰੂਪੀ ਨਗਰ ਕੌਂਸਲ ਦਾ ਸਟੇਅਰਿੰਗ ਰਿਹਾ, ਪਰ ਇਨ੍ਹਾਂ ਪਾਰਟੀਆਂ ਨੇ ਇੱਕ ਦੂਸਰੇ ’ਤੇ ਦੋਸ਼ ਲਗਾਉਣ ਦਾ ਸਿਲਸਿਲਾ ਸ਼ੁਰੂ ਕਰਕੇ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਿਆ ਰੱਖਿਆ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ ਦਾ ਕੰਮ ਨਗਰ ਕੌਂਸਲ ਚੋਣਾਂ ਤੋਂ ਬਹੁਤ ਪਹਿਲਾਂ ਦਾ ਚੱਲ ਰਿਹਾ ਹੈ, ਪਰ ਮਹਿਸੂਸ ਹੁੰਦਾ ਹੈ ਕਿ ਕੌਂਸਲ ਚੋਣਾਂ ’ਚ ਲਾਹਾ ਲੈਣ ਲਈ ਕਾਂਗਰਸ ਪਾਰਟੀ ਨੇ ਜਾਣਬੁੱਝ ਕੇ ਕੰਮ ਲਟਕਾਇਆ। ਪਹਿਲਾਂ ਲੋਕ ਸੀਵਰੇਜ ਨਾ ਪੈਣ ਕਰਕੇ ਤੇ ਨਿਕਾਸੀ ਪ੍ਰਬੰਧ ਨਾ ਹੋਣ ਕਰਕੇ ਦੁਖੀ ਸਨ। ਇਸ ਤੋਂ ਬਾਅਦ ਸੀਵਰੇਜ ਪੈ ਗਿਆ ਤਾਂ ਮੁੱਖ ਸੜਕ ਨਾ ਬਣਨ ਕਰਕੇ ਆਮ ਜਨਤਾ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਲਾਕੇ ਦੇ ਲੋਕਾਂ ਦੇ ਰੋਹ ਤੋਂ ਬੱਚਣ ਲਈ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੌਂਸਲ ਦੀ ਹਦੂਦ ਤੱਕ ਇੱਕ ਕਰੋੜ ਪੰਜ ਲੱਖ ਰੁਪਏ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਤਾਂ ਢੋਲ ਢਮੱਕਿਆਂ ਨਾਲ ਰੱਖ ਦਿੱਤਾ, ਲੱਡੂਆਂ ਨਾਲ ਮੂੰਹ ਵੀ ਮਿੱਠੇ ਕਰਵਾਏ, ਵਧਾਈਆਂ ਵੀ ਕਬੂਲ ਕਰਵਾਈਆਂ, ਪਰ ਅਜੇ ਤੱਕ ਸੜਕ ਬਣਨ ਦਾ ਸੁਪਨਾ ਸਾਕਾਰ ਨਹੀਂ ਹੋਇਆ, ਜਦੋਂ ਕਿ ਵਿਧਾਇਕ ਕੋਟਲੀ ਦੀ ਲਾਟਰੀ ਲੱਗ ਗਈ ਤੇ ਉਹ ਕੈਬਨਿਟ ਮੰਤਰੀ ਬਣ ਗਏ ਪਰ ਇਲਾਕੇ ਦੇ ਲੋਕਾਂ ਨੂੰ ਸੜਕ ਨਾ ਬਣਨ ਕਰਕੇ ਅੱਜ ਵੀ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਡੱਟ ਕੇ ਸਾਥ ਦਿੱਤਾ ਪਰ ਕਾਂਗਰਸ ਪਾਰਟੀ ਵਾਲਿਆਂ ਨੇ ਲਾਈਨਪਾਰ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਾਅਦੇ ਪੰਜਾਬੀ ਕਹਾਵਤ ‘ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ’ ਵਾਲੇ ਹਨ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਕਾਰਨ ਹੀ ਅੱਜ ਆਮ ਜਨਤਾ, ਵੋਟਰ ਰਾਜਨੀਤਿਕ ਲੋਕਾਂ ’ਤੇ ਵਿਸ਼ਵਾਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਜਲਦ ਹੀ ਉਚ ਅਧਿਕਾਰੀਆਂ ਨੂੰ ਮਿਲਣਗੇ ਅਤੇ ਮੁੱਖ ਮੰਤਰੀ ਪੰਜਾਬ ਤੇ ਪੀ. ਡਬਲਯੂ. ਡੀ. ਮੰਤਰੀ ਨੂੰ ਪੱਤਰ ਲਿਖਕੇ ਵੀ ਸਥਿਤੀ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਦੇ ਨਾਲ ਡੱਟਕੇ ਨਾਲ ਖੜ੍ਹੇ ਹਨ ਤੇ ਕਿਸੇ ਵੀ ਕੁਰਬਾਨੀ ਤੋਂ ਘਬਰਾਉਂਦੇ ਨਹੀਂ, ਚਾਹੇ ਭੁੱਖ ਹੜਤਾਲ ’ਤੇ ਧਰਨਾ ਵੀ ਕਿਉਂ ਨਾ ਦੇਣਾ ਪਵੇ।