ਸ੍ਰੀ ਅਨੰਦਪੁਰ ਸਾਹਿਬ, ਮੀਡੀਆ ਬਿਊਰੋ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੇ ਜ਼ਿਲ੍ਹਾ ਪ੍ਰਸ਼ਾਸਨ ਜਿੱਥੇ ਰਾਸ਼ਟਰੀ ਤਿਉਹਾਰ ਹੋਲਾ-ਮਹੱਲਾ ਨੂੰ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ (Takht Sri Kesgarh Sahib) ਵਿਖੇ ਸਾਲਾਨਾ ਦੀ ਤਰ੍ਹਾਂ ਮਨਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਕਰ ਰਿਹਾ ਹੈ, ਉੱਥੇ 1999 ’ਚ ਖ਼ਾਲਸਾ ਪੰਥ ਦੇ 300 ਸਾਲਾ ਸ਼ਤਾਬਦੀ ਸਮਾਗਮਾਂ ਮੌਕੇ ਪੰਜ ਪਿਆਰਿਆਂ ਦੀ ਯਾਦ ’ਚ ਬਣਾਇਆ ਗਿਆ। ਪੰਜ ਪਿਆਰਾ ਪਾਰਕ ਫੰਡਾਂ ਦੀ ਘਾਟ ਕਾਰਨ ਸਰਕਾਰੀ ਅਣਦੇਖੀ ਦਾ ਸ਼ਿਕਾਰ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ 3 ਅਪ੍ਰੈਲ 1999 ਨੂੰ ਉਸ ਸਮੇਂ ਦੇ ਕੇਂਦਰੀ ਟਰਾਂਸਪੋਰਟ ਤੇ ਵਣ ਮੰਤਰੀ ਸੁਰੇਸ਼ ਪੀ ਪ੍ਰਭੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ’ਚ ਉਕਤ ਪਾਰਕ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ ਸੀ। ਇਸ ਤੋਂ ਬਆਦ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਤੇੇ ਇਸ ਇਤਿਹਾਸਿਕ ਪਾਰਕ ਦੀ ਸ਼ੋਭਾ ਨੂੰ ਹੋਰ ਵਧਾਉਣ ਲਈ ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਵਿਲੱਖਣ ਦਿੱਖ ਵਾਲਾ ਖੰਡਾ ਵੀ ਸਥਾਪਿਤ ਕੀਤਾ ਗਿਆ ਸੀ ਪਰ ਪਾਰਕ ਦਾ ਹੁਣ ਆਲਮ ਇਹ ਹੈ ਕਿ ਇਸ ਖੰਡੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਲੱਗੀਆਂ ਸਜਾਵਟੀ ਲਾਈਟਾਂ ’ਚੋਂ ਜ਼ਿਆਦਾਤਰ ਖ਼ਰਾਬ ਹਨ। ਸੰਗਤਾਂ ਦੇ ਬੈਠਣ ਲਈ ਲੱਗੀਆਂ ਸੀਮੈਂਟ ਵਾਲੀਆਂ ਕੁਰਸੀਆਂ ਟੁੱਟੀਆਂ ਪਈਆਂ ਹਨ। ਸਜਾਵਟੀ ਲਾਈਟਾਂ ’ਚ ਬੱਲਬ ਨਹੀਂ ਹਨ। ਸਾਫ਼ -ਸਫ਼ਾਈ ਦੀ ਘਾਟ ਦਿਖਾਈ ਦੇ ਰਹੀ ਹੈ ਜਿਸ ਕਾਰਨ ਪਾਰਕ ’ਚ ਕੁਝ ਸਮੇਂ ਲਈ ਸਕੂਨ ਲੈਣ ਲਈ ਆਉਣ ਵਾਲੀਆਂ ਸੰਗਤਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਜਦੋਂ ਪਾਰਕ ਬਣਿਆ ਸੀ ਉਦੋਂ ਬੁਹਤ ਸੰਦਰ ਤੇ ਵਿਲੱਖਣ ਖੰਡਾ ਲੱਗਣ ਉਪਰੰਤ ਰਾਤ ਸਮੇਂ ਜਗਣ ਵਾਲੀਆਂ ਸਜਾਵਟੀ ਲਾਈਟਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ।
ਪਾਰਕ ’ਚ ਬੈਠੇ ਗੁਰਦਿਆਲ ਸਿੰਘ (ਮੁਕਤਸਰ ਸਾਹਿਬ) ,ਜਤਿੰਦਰ ਸਿੰਘ ਤੇ ਹਰਵਿੰਦਰ ਕੌਰ (ਪਟਿਆਲਾ) ਤੇ ਇਕ ਬੁਜ਼ਰਗ ਰਾਮ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਯਾਦ ’ਚ ਬਣੇ ਇਸ ਇਤਿਹਾਸਿਕ ਪਾਰਕ ਦੀ ਸਾਂਭ-ਸੰਭਾਲ ਦਾ ਪਹਿਲਾ ਫ਼ਰਜ਼ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਇਸ ਦੀ ਚੰਗੀ ਤਰ੍ਹਾਂ ਦੇਖ ਭਾਲ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਇਸ ਵੇਲੇ ਪਾਰਕ ਦੀ ਸਾਂਭ-ਸੰਭਾਲ ਜੰਗਲਾਤ ਵਿਭਾਗ ਕਰ ਰਿਹਾ ਹੈ ਪਰ ਸਰਕਾਰੀ ਫੰਡਾਂ ਦੀ ਘਾਟ ਕਾਰਨ ਉਹ ਵੀ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ ਜਾਪਦਾ। ਵਿਭਾਗੀ ਸੂਤਰ ਦੱਸਦੇ ਹਨ ਕਿ ਪਾਰਕ ਲਈ ਬਿਜਲੀ ਤੇ ਪਾਣੀ ਦਾ ਪ੍ਰਬੰਧ ਹੈ ਤੇ ਚੱਲ ਵੀ ਰਿਹਾ ਹੈ ਪਰ ਬਿਜਲੀ ਬਿੱਲ ਇਕ ਲੱਖ ਦੇ ਕਰੀਬ ਤੇ ਪਾਣੀ ਬਿੱਲ ਦਾ ਤਿੰਨ ਲੱਖ ਰੁਪਏ ਦਾ ਬਕਾਇਆ ਖਡ਼੍ਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਐੱਸਜੀਪੀਸੀ ਨੂੰ ਪਾਰਕ ਦੀ ਸੰਭਾਲ ਲਈ ਸਹਿਯੋਗ ਦੇਣ ਲਈ ਕਈ ਵਾਰ ਲਿਖ ਚੁੱਕਿਆ ਹੈ ਪਰ ਕੋਈ ਜਵਾਬ ਨਹੀ ਮਿਲਿਆ।
ਉੱਚ ਅਧਿਕਾਰੀਆਂ ਨੂੰ ਐਸਟੀਮੇਂਟ ਭੇਜਿਆ ਗਿਆ : ਰਾਜੀਵ
ਪੰਜ ਪਿਆਰੇ ਪਾਰਕ ਦੀ ਸੰਭਾਲ ਕਰ ਰਿਹਾ ਜੰਗਲਾਤ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਅਫਸਰ ਰਾਜੀਵ ਕੁਮਾਰ ਨੇ ਕਿਹਾ ਕਿ ਪਾਰਕ ਦੀ ਸਾਂਭ-ਸੰਭਾਲ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲੋਡ਼ੀਂਦੇ ਫੰਡਾਂ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਬਿਲ ਦਾ ਤਿੰਨ ਲੱਖ ਰੁਪਏ ਤੇ ਬਿਜਲੀ ਦਾ ਇੱਕ ਲੱਖ ਰੁਪਏ ਦੇ ਕਰੀਬ ਬਕਾਇਆ ਖਡ਼੍ਹਾ ਹੈ ਪਰ ਬਿਜਲੀ ਤੇ ਪਾਣੀ ਦੀ ਸਪਲਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫੰਡ ਆਉਣ ’ਤੇ ਜਲਦ ਹੀ ਲਾਈਟਾਂ ਤੇ ਕੁਰਸੀਆ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।






















