


ਜਾਰਜ ਫਲਾਇਡ ਨੂੰ ‘ਮੌਤ ਅੰਜਾਈ ਨਹੀਂ ਜਾਵੇਗੀ’ ਦੇ ਸੰਦੇਸ਼ ਨਾਲ ਕੀਤਾ ਸੁਪਰਦੇ ਖ਼ਾਕ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਹੋਸਟਨ ਵਿਚ 500 ਦੇ ਕਰੀਬ ਦੋਸਤਾਂ, ਮਿੱਤਰਾਂ, ਰਾਜਸੀ ਆਗੂਆਂ ਤੇ ਹੋਰ ਲੋਕਾਂ ਦੇ ਇਕੱਠ ਵਿਚ ਪੁਲਿਸ ਹਿਰਾਸਤ ਵਿਚ ਮਾਰੇ ਗਏ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਫਲਾਈਡ ਦੀ ਅਰਥੀ ਨੂੰ ਚਰਚ ਤੱਕ ਪਹੁੰਚਾਉਣ ਲਈ ਕਾਫੀ ਸਮਾਂ ਲੱਗਾ ਕਿਉੁਂਕਿ ਸੜਕ ਦੇ ਦੋਨੋਂ ਪਾਸੇ ਭਾਰੀ ਗਿਣਤੀ ਵਿਚ ਲੋਕ ਖੜੇ ਸਨ। ਕਈ ਆਖਰੀ ਸਲਾਮ ਕਰ ਰਹੇ ਸਨ ਤੇ ਕੁਝ ਨੇ ਬੈਨਰ ਚੁੱਕੇ ਹੋਏ ਸਨ। ਬਹੁਤ ਸਾਰੇ ਲੋਕ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਚਰਚ ਵਿਚ ਨਿਰਧਾਰਤ ਸਮੇਂ ਤੋਂ ਬਹੁਤ ਸਮਾਂ ਪਹਿਲਾਂ ਪਹੁੰਚ ਚੁੱਕੇ ਸਨ। ਕੋਰੋਨਾਵਾਇਰਸ ਤੋਂ ਬਚਾਅ ਲਈ ਲੋਕਾਂ ਨੇ ਮਾਸਕ ਪਾਏ ਹੋਏ ਸਨ। ਲੋਕਾਂ ਨੇ ‘ਕਾਲਿਆਂ ਦੀ ਜਿੰਦਗੀ ਦੇ ਵੀ ਅਰਥ ਹਨ’ ਤੇ ‘ਮੇਰੀ ਧੌਣ ਤੋਂ ਗੋਡਾ ਹਟਾਓ’ ਵਰਗੇ ਨਾਅਰੇ ਲਾਏ ਤੇ ਫਲਾਈਡ- ਫਲਾਈਡ ਕਈ ਵਾਰ ਪੁਕਾਰਿਆ।
ਅਰਥੀ ਦੇ ਅੱਗੇ ਪੁਲਿਸ ਦੀ ਟੁੱਕੜੀ ਜਾ ਰਹੀ ਸੀ। ਹੋਸਟਨ ਪੁਲਿਸ ਮੁੱਖੀ ਆਰਟ ਅਸੀਵੀਡੋ ਤੇ ਹੋਰ ਪੁਲਿਸ ਅਧਿਕਾਰੀ ਪੈਦਲ ਚਲ ਰਹੇ ਸਨ। ਫਲਾਈਡ ਦੀ ਅਰਥੀ ਤੇ ਅੰਤਿਮ ਰਸਮਾਂ ਵਿਚ ਸ਼ਾਮਿਲ ਲੋਕਾਂ ਦੇ ਹੋਸਟਨ ਮੈਮੋਰੀਅਲ ਗਾਰਡਨਜ਼ ਵਿਚ ਪੁੱਜਣ ਉਪਰੰਤ ਗੇਟ ਬੰਦ ਕਰ ਦਿੱਤੇ ਗਏ। ਇਸ ਮੌਕੇ ਫਲਾਈਡ ਦੀ ‘ਮੌਤ ਅੰਜਾਈ ਨਹੀਂ ਜਾਵੇਗੀ’ ਸੰਦੇਸ਼ ਪ੍ਰਸਾਰਿਤ ਕੀਤਾ ਗਿਆ। ਬੁਲਾਰਿਆਂ ਵਿਚ ਜਾਰਜ ਫਲਾਈਡ ਦਾ ਭਰਾ ਰੋਡਨੀ ਫਲਾਈਡ ਵੀ ਸ਼ਾਮਿਲ ਸਨ। ਉਸ ਨੇ ਕਿਹਾ ਕਿ ‘ਮੈਂ ਆਪਣੇ ਭਰਾ ਲਈ ਨਿਆਂ ਦੀ ਮੰਗ ਕਰਦਾ ਹਾਂ, ਅੱਜ ਵਿਸ਼ਵ ਭਰ ਵਿਚ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ, ਉਸ ਦੀ ਮੌਤ ਨੇ ਵਿਸ਼ਵ ਵਿਚ ਬਦਲਾਅ ਦਾ ਰਾਹ ਖੋਲ• ਦਿੱਤਾ ਹੈ।’ ਇਕੱਠ ਵਿਚ ਇਸ ਸਾਲ ਦੇ ਅਖੀਰ ਵਿਚ ਹੋ ਰਹੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਉਮੀਦਾਵਰ ਜੋਅ ਬਿਡੇਨ, ਹੋਸਟਨ ਦੇ ਮੇਅਰ ਸਿਲਵੈਸਟਰ ਟਰਨਰ, ਰਿਪਬਲਿਕ ਆਗੂ ਸ਼ੀਲਾ ਜੈਕਸਨ ਲੀ ਤੇ ਐਲ ਗਰੀਨ ਵੀ ਹਾਜਰ ਸਨ। ਸਾਬਕਾ ਰਾਸ਼ਟਰਪਤੀ ਬਿਡੇਨ ਨੇ ਪਰਿਵਾਰ ਨੂੰ ਵੱਖਰੇ ਤੌਰ ‘ਤੇ ਮਿਲਕੇ ਵੀ ਜਾਰਜ ਫਲਾਈਡ ਦੀ ਮੌਤ ਉਪਰ ਅਫਸੋਸ ਪ੍ਰਗਟਾਇਆ । ਜੋਅ ਬਿਡੇਨ ਨੇ ਕਿਹਾ ਕਿ ‘ ਹੁਣ ਨਸਲੀ ਨਿਆਂ ਦਾ ਸਮਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਹਰ ਹਾਲਤ ਵਿਚ ਜਵਾਬ ਦੇਣਾ ਪਵੇਗਾ । ਜਦੋਂ ਫਲਾਈਡ ਨੂੰ ਨਿਆਂ ਮਿਲ ਜਾਵੇਗਾ ਤਾਂ ਅਸੀਂ ਸਹੀ ਅਰਥਾਂ ਵਿਚ ਨਸਲੀ ਨਿਆਂ ਦੇ ਰਾਹ ਪੈ ਜਾਵਾਂਗੇ। 6 ਸਾਲਾ ਬੱਚੀ ਗਿਨਾ ਤੇਰਾ ਪਿਤਾ ਦੁਨੀਆ ਬਦਲ ਕੇ ਰਖ ਦੇਵੇਗਾ।” ਸ਼ੀਲਾ ਜੈਕਸਨ ਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ‘ਮੈ ਸਾਹ ਨਹੀਂ ਲੈ ਸਕਦਾ’ ਸ਼ਬਦ ਮੇਰੇ ਜ਼ਿਹਨ ਵਿਚੋਂ ਕਦੋਂ ਨਿਕਲਣਗੇ ਪਰ ਹੁਣ ਮੇਰੀ ਜਿੰਦਗੀ ਦਾ ਮੰਤਵ ਬਣ ਗਿਆ ਹੈ ਕਿ ਭਵਿੱਖ ਵਿਚ 8.46 ਮਿੰਟ ਤੱਕ ਪੁਲਿਸ ਦੀ ਦਰਿੰਦਗੀ ਵੇਖਣ ਨੂੰ ਨਾ ਮਿਲੇ। ਅੰਤ ਵਿਚ ਪਰਿਵਾਰ ਵੱਲੋਂ ਅੰਤਿਮ ਰਸਮਾਂ ਵਿਚ ਸ਼ਾਮਿਲ ਲੋਕਾਂ ਦਾ ਧੰਨਵਾਦ ਕੀਤਾ ਗਿਆ।