ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਵਿੱਚ ਸਿੱਖ ਭਾਈਚਾਰੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਇਸਨੂੰ ਬੁਝਾਉਣ ਲਈ ਤਕਰੀਬਨ 15 ਅੱਗ ਬੁਝਾਊ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਾਮਿਆਂ ਨੇ ਜੱਦੋਜਹਿਦ ਕੀਤੀ। ਪੱਛਮੀ ਲੰਡਨ ‘ਚ ਸਾਊਥਾਲ ਦੇ ਕਲਿਫਟਨ ਰੋਡ ਉੱਤੇ ਸਥਿਤ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਅਤੇ ਛੱਤ ਦਾ ਕੁੱਝ ਹਿੱਸਾ ਅੱਗ ਦੀ ਲਪੇਟ ਵਿੱਚ ਆਏ।
ਫਾਇਰ ਬਿਗ੍ਰੇਡ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਲੱਗੀ ਅੱਗ ਪਿੱਛੇ ਕਿਸੇ ਵਿਅਕਤੀ ਦਾ ਹੱਥ ਨਹੀਂ ਹੈ, ਜਦਕਿ ਅੱਗ ਲੱਗਣ ਦੇ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਹਾਲਾਂਕਿ ਇਹ ਅੱਗ ਕਿਸੇ ਇਲੈਕਟ੍ਰਿਕ ਨੁਕਸ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ। ਅੱਗ ਬੁਝਾਊ ਕਰਮਚਾਰੀਆਂ ਨੂੰ ਦੁਪਹਿਰ ਤਕਰੀਬਨ 12.29 ਵਜੇ ਬੁਲਾਇਆ ਗਿਆ।
ਸਾਉਥਾਲ ਦੇ ਹੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਸਹਾਇਤਾ ਛੇ ਮਿੰਟਾਂ ਵਿਚ ਪਹੁੰਚ ਗਈ ਅਤੇ ਅੱਗ ਨੂੰ ਕਾਬੂ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਅੱਗ ਲੱਗਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਸਾਰੇ ਗੁਟਕਾ ਸਾਹਿਬ ਅਤੇ ਸੈਂਚੀਆਂ ਸੁਰੱਖਿਅਤ ਬਾਹਰ ਕੱਢ ਲਏ ਗਏ ਸਨ। ਇਹ ਗੁਰਦੁਆਰਾ ਇੱਕ ਭੀੜ ਵਾਲੇ ਇਲਾਕੇ ਵਿੱਚ ਹੋਣ ਕਰਕੇ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਧੂੰਏਂ ਤੋਂ ਬਚਣ ਲਈ ਆਪਣੇ ਘਰਾਂ ਅਤੇ ਇਮਾਰਤਾਂ ਦੀਆਂ ਖਿੜਕੀਆਂ ਆਦਿ ਬੰਦ ਰੱਖਣ ਦੀ ਅਪੀਲ ਕੀਤੀ ਗਈ।