ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਅੱਜ ਇਥੇ ਪੰਜਾਬ ਭਵਨ ਚੰਡੀਗੜ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵੀਆਂ ਭਰਤੀ ਹੋਈਆਂ ਮਲਟੀ ਪਰਪਜ ਹੈਲਥ ਵਰਕਰਾਂ(ਐਮ.ਪੀ.ਐਚ. ਡਬਲਿਊ.) (ਫੀਮੇਲ) ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸ੍ਰੀ ਵਿਕਾਸ ਗਰਗ, ਸਕੱਤਰ ਸਿਹਤ, ਡਾ: ਅੰਦੇਸ , ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਅਤੇ ਡਾ. ਓ.ਪੀ. ਗੋਜਰਾ, ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਵੀ ਹਾਜਰ ਸਨ। ਪੰਜਾਬ ਸਰਕਾਰ ਨੇ ਐਮ.ਪੀ.ਐਚ. ਡਬਲਿਊ. (ਫ਼ੀਮੇਲ) ਦੀਆਂ 600 ਅਸਾਮੀਆਂ ਭਰਨ ਲਈ ਇਸਤਿਹਾਰ ਜਾਰੀ ਕੀਤਾ ਸੀ ਅਤੇ ਅੱਜ ਦੇ ਸਮਾਗਮ ਵਿੱਚ ਪਹਿਲੇ ਪੜਾਅ ਵਿੱਚ 225 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਬਾਕੀ ਉਮੀਦਵਾਰਾਂ ਨੂੰ ਵੀ ਅਗਾਮੀ ਕੁਝ ਦਿਨਾਂ ਵਿੱਚ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।
ਨਵੇਂ ਭਰਤੀ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਰਾਹੀਂ ਇਨਾਂ ਨਿਯੁਕਤੀਆਂ ਦੀ ਚੋਣ ਪੂਰੀ ਤਰਾਂ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ “ਰੁਜਗਾਰ ਪ੍ਰਾਪਤ ਕਰਨਾ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਇੱਕ ਨਾ ਭੁੱਲਣ ਵਾਲਾ ਪੜਾਅ ਹੁੰਦਾ ਹੈ ਅਤੇ ਸਰਕਾਰ ਉਮੀਦ ਕਰਦੀ ਹੈ ਕਿ ਸਾਰੇ ਨਵ-ਨਿਯੁਕਤ ਕਰਮਚਾਰੀ ਆਪਣੇ ਪ੍ਰੋਫਾਈਲ ਅਨੁਸਾਰ ਇਮਾਨਦਾਰੀ ਅਤੇ ਮਿਹਨਤ ਨਾਲ਼ ਡਿਊਟੀ ਨਿਭਾਉਣਗੇ ਤਾਂ ਜੋ ਆਮ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।“ ਸ੍ਰੀ ਸੋਨੀ ਨੇ ਕਿਹਾ, “ਪੰਜਾਬ ਸਰਕਾਰ ਕੋਵਿਡ-19 ਮਹਾਂਮਾਰੀ ਦੇ ਦੌਰ ਨੂੰ ਬੜੀ ਤਨਦੇਹੀ ਨਾਲ ਨਜਿੱਠਿਆ ਹੈ ਅਤੇ ਇਹ ਸਭ ਸਿਹਤ ਕਰਮਚਾਰੀਆਂ ਦੀਆਂ 24 ਘੰਟੇ ਸੇਵਾਵਾਂ ਸਦਕਾ ਹੀ ਹੋ ਰਿਹਾ ਹੈ”।
ਉਨਾਂ ਦੱਸਿਆ ਕਿ “ਅਸੀਂ ਵੱਡੀ ਗਿਣਤੀ ਵਿੱਚ ਮੈਡੀਕਲ ਅਫਸਰਾਂ, ਸਟਾਫ ਨਰਸਾਂ, ਫਾਰਮਾਸਿਸਟਾਂ, ਸਿਹਤ ਵਰਕਰ, ਰੇਡੀਓਗ੍ਰਾਫਰਾਂ, ਮੈਡੀਕਲ ਲੈਬਾਰਟਰੀ ਟੈਕਨੀਸੀਅਨ, ਈਸੀਜੀ ਟੈਕਨੀਸੀਅਨ, ਓਟੀ ਅਸਿਸਟੈਂਟ ਦੀ ਭਰਤੀ ਕਰ ਚੁੱਕੇ ਹਾਂ ਅਤੇ ਹੁਣ 800 ਤੋਂ ਵੱਧ ਵਾਰਡ ਅਟੈਂਡੈਂਟਾਂ ਦੀ ਭਰਤੀ ਪ੍ਰਕਿਰਿਆ ਵੀ ਪੂਰੀ ਹੋਣ ਦੇ ਨੇੜੇ ਹੈ, ਇਨਾਂ ਸਭ ਅਸਾਮੀਆਂ ਨੂੰ ਭਰਕੇ ਆਪਣੀ ਸਿਹਤ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਾਂਗੇ“। ਸਿਹਤ ਵਿਭਾਗ ਦੇ ਵੱਖ-ਵੱਖ ਹੜਤਾਲੀ ਮੁਲਾਜਮਾਂ ਨੂੰ ਅਪੀਲ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਉਨਾਂ ਦੀਆਂ ਜਾਇਜ ਮੰਗਾਂ ਮੰਨਣ ਲਈ ਤਿਆਰ ਹੈ। ਕੋਵਿਡ 19 ਦੇ ਨਵੇਂ ਰੂਪ ਓਮਿਕਰੋਨ ਅਤੇ ਤੀਜੀ ਲਹਿਰ ਦੇ ਖਤਰੇ ਦੇ ਇਸ ਸੰਵੇਦਨਸੀਲ ਦੌਰ ਦੇ ਵਿਚਕਾਰ ਉਨਾਂ ਨੂੰ ਕੰਮ ‘ਤੇ ਵਾਪਸ ਆਉਣਾ ਚਾਹੀਦਾ ਹੈ ਕਿਉਂਕਿ ਉਨਾਂ ਦੀ ਹੜਤਾਲ ਕਾਰਨ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਕਾਰ ਨੇ 10 ਸਾਲ ਦੀ ਠੇਕੇ ‘ਤੇ ਸੇਵਾ ਪੂਰੀ ਕਰ ਚੁੱਕੇ 36000 ਮੁਲਾਜਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਬਿੱਲ ਵੀ ਪੇਸ ਕੀਤਾ ਹੈ।