ਚੰਡੀਗੜ੍ਹ (ਮੀਡੀਆ ਬਿਊਰੋ) ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਆਪਣੀ ਸਰਕਾਰ ਦੇ ਫੈਸਲੇ ਦੇ ਪੱਖ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਇਹ ਕਦਮ ਉਨਾਂ ਦੇ ਬਜੁਰਗਾਂ (ਦਾਦਾ) ਵੱਲੋਂ ਕੀਤੀਆਂ ਕੁਰਬਾਨੀਆਂ ਦੀ ਮਾਨਤਾ ਵਜੋਂ ਚੁੱਕਿਆ ਗਿਆ ਜਿਨਾਂ ਨੇ ਮੁਲਕ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਮੁੱਖ ਮੰਤਰੀ, ਮਰਹੂਮ ਮਿਲਖਾ ਸਿੰਘ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ ਜਿੱਥੇ ਉਨਾਂ ਨੇ ਮਹਾਨ ਅਥਲੀਟ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਆਪਣੇ ਮੁਲਕ ਲਈ ਕੁਰਬਾਨੀ ਕਰਦਾ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਇਸ ਘਾਟੇ ਦੀ ਭਰਪਾਈ ਕੀਤੇ ਜਾਣ ਦੇ ਹੱਕਦਾਰ ਹਨ।
ਇਸ ਕਦਮ ਲਈ ਸਰਕਾਰ ਦੀ ਆਲੋਚਨਾ ਕਰਨ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਪਾਰਟੀਆਂ ਵੀ ਅਜਿਹੇ ਕਿਸੇ ਨੌਜਵਾਨਾਂ, ਜਿਨਾਂ ਦੇ ਪਿਤਾ ਜਾਂ ਦਾਦੇ ਨੇ ਮੁਲਕ ਲਈ ਅਜਿਹੀ ਕੁਰਬਾਨੀ ਕੀਤੀ ਹੋਵੇ, ਤਾਂ ਉਨਾਂ ਨੂੰ ਵੀ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਰਅਸਲ, ਉਨਾਂ ਨੇ ਤਾਂ ਇਨਾਂ ਪਾਰਟੀਆਂ ਵਿੱਚੋਂ ਅਜਿਹੇ ਕੁਝ ਵਿਅਕਤੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੀ ਨਹੀਂ ਮਿਲ ਸਕਿਆ।
ਮੁੱਖ ਮੰਤਰੀ, ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲੀਸ ਵਿਚ ਇੰਸਪੈਕਟਰ (ਗਰੁੱਪ ਬੀ) ਵਜੋਂ ਅਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਵਜੋਂ ਸਰਕਾਰੀ ਨੌਕਰੀਆਂ ਦੇਣ ਦੇ ਫੈਸਲੇ ਬਾਰੇ ਕੀਤੇ ਸਵਾਲ ਦਾ ਜਵਾਬ ਦੇ ਰਹੇ ਸਨ। ਬੀਤੇ ਦਿਨ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅਰਜੁਨ ਬਾਜਵਾ ਅਤੇ ਭੀਸ਼ਮ ਪਾਂਡੇ ਦੇ ਨਾਵਾਂ ਨੂੰ ਮਨਜੂਰੀ ਦਿੱਤੀ ਸੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਵਿੱਚੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਪੰਜਾਬ ਨੇ ਅਤਿਵਾਦ ਦਾ ਕਾਲਾ ਦੌਰ ਹੰਢਾਇਆ ਹੈ ਜਿਸ ਵਿਚ ਵਾਪਰੀ ਭਿਆਨਕ ਹਿੰਸਾ ਵਿਚ 35000 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਉਨਾਂ ਨੇ ਜਿਕਰ ਕਰਦੇ ਹੋਏ ਕਿਹਾ ਕਿ ਲਗਪਗ 1700 ਪੁਲੀਸ ਜਵਾਨ ਵੀ ਮਾਰੇ ਗਏ ਅਤੇ ਇਨਾਂ ਲੋਕਾਂ ਨੂੰ ਉਨਾਂ ਦੀਆਂ ਯਾਦਗਾਰਾਂ ਉਤੇ ਜਾ ਕੇ ਸ਼ਰਧਾਂਜਲੀ ਦੇ ਦੇਣਾ ਹੀ ਕਾਫੀ ਨਹੀਂ ਹੈ ਸਗੋਂ ਸੂਬੇ ਨੂੰ ਇਨਾਂ ਪਰਿਵਾਰਾਂ ਨੂੰ ਪਏ ਘਾਟੇ ਦੀ ਪੂਰਤੀ ਲਈ ਹੋਰ ਕੁਝ ਕੀਤੇ ਜਾਣ ਦੀ ਵੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ, “ਅਸੀਂ ਉਨਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇ ਸਕਦੇ।” ਉਨਾਂ ਅੱਗੇ ਕਿਹਾ ਕਿ ਦੇਸ਼ ਲਈ ਖੂਨ ਵਹਾਉਣ ਵਾਲੇ ਲੋਕਾਂ ਨੂੰ ਪੰਜਾਬ ਸਲਾਮ ਕਰਦਾ ਹੈ ਅਤੇ ਉਨਾਂ ਦੀ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਲਈ ਆਪਣਾ ਯੋਗਦਾਨ ਪਾਉਣ ਵਾਲਿਆਂ ਨੂੰ ਮਾਨਤਾ ਦੇਣੀ ਜਾਰੀ ਰੱਖੇਗੀ।