ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਹੋਈ ਬਰਫਬਾਰੀ ਜਿੱਥੇ ਤਸਵੀਰਾਂ ਵਿੱਚ ਵੇਖਣ ਵਾਲਿਆਂ ਨੂੰ ਆਕਰਸ਼ਿਤ ਕਰਦੀ ਹੈ, ਉੱਥੇ ਵਸਨੀਕਾਂ ਲਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਬੀਤੀ ਰਾਤ ਮੀਂਹ ਦੀਆਂ ਫੁਹਾਰਾਂ ਦੇ ਨਾਲ ਬਰਫੀਲੇ ਪਾਣੀ ਦੇ ਡਿੱਗਦੇ ਰਹਿਣ ਨਾਲ ਤਾਪਮਾਨ ਇੱਕਦਮ ਹੇਠਾਂ ਚਲਿਆ ਗਿਆ। ਜਿਉਂ ਹੀ ਸਵੇਰ ਹੋਈ ਤਾਂ ਚਾਰ ਚੁਫੇਰਾ ਇਉਂ ਜਾਪਦਾ ਸੀ ਜਿਵੇਂ ਚਿੱਟੀ ਚਾਦਰ ਨਾਲ ਢਕਿਆ ਹੋਵੇ। ਭਾਰੀ ਬਰਫਬਾਰੀ ਨੇ ਬਹਕਤ ਸਾਰੇ ਇਲਾਕਿਆਂ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਟਰੈਫਿਕ ਸਕਾਟਲੈਂਡ ਨੇ ਯਾਤਰਾ ਕਰਨ ਵਾਲਿਆਂ ਨੂੰ ਵਧੇਰੇ ਸਾਵਧਾਨੀ ਦੀ ਸਲਾਹ ਦਿੱਤੀ ਹੈ। ਸਵੇਰ ਵੇਲੇ ਸਭ ਤੋਂ ਵੱਡੀ ਪ੍ਰੇਸ਼ਾਨੀ ਕੰਮਾਂਕਾਰਾਂ 'ਤੇ ਜਾਣ ਵਾਲੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਝੱਲਣੀ ਪਈ। ਜਿਸਦੇ ਸਿੱਟੇ ਵਜੋਂ ਕਾਫੀ ਸਕੂਲਾਂ ਵੱਲੋਂ ਸਕੂਲ ਦੇਰੀ ਨਾਲ ਖੋਲ੍ਹੇ ਗਏ। ਹਾਈਲੈਂਡਜ਼ ਕੌਂਸਲ ਵੱਲੋਂ ਕਿਲਮਿਊਰ ਪ੍ਰਾਇਮਰੀ, ਚਾਰਲਸਟਨ ਅਕੈਡਮੀ ਤੇ ਗਰੈਨਟਾਊਨ ਗਰੈਮਰ ਨੂੰ ਸਾਰਾ ਦਿਨ ਬੰਦ ਕਰਨ ਦਾ ਫੈਸਲਾ ਲਿਆ। ਮੈੱਟ ਆਫਿਸ ਵੱਲੋਂ ਤਾਪਮਾਨ ਦੇ ਡਿੱਡਣ ਨਾਲ 10 ਸੈਂਟੀਮੀਟਰ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ। ਜਿੱਥੇ ਸਿਆਣੀ ਉਮਰ ਦੇ ਲੋਕ ਬਰਫਬਾਰੀ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਜੂਝਦੇ ਰਹੇ ਉੱਥੇ ਬੱਚਿਆਂ ਵੱਲੋਂ ਬਰਫਬਾਰੀ ਦੌਰਾਨ ਖੂਬ ਮਸਤੀ ਕਰਦਿਆਂ ਆਨੰਦ ਵੀ ਮਾਣਿਆ ਗਿਆ।
2022-01-07