ਮੋਹਾਲੀ, ਮੀਡੀਆ ਬਿਊਰੋ:
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਚੱਲ ਰਹੇ ਡਰੱਗਜ਼ ਮਾਮਲੇ ’ਚ ਐੱਸਆਈਟੀ (SIT) ਨੇ ਬਰੀ ਹੋ ਚੁੱਕੇ ਮਨਿੰਦਰ ਸਿੰਘ ਬਿੱਟੂ ਔਲਖ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕੀਤੀ। ਐੱਸਆਈਟੀ ’ਚ ਸ਼ਾਮਲ ਅਧਿਕਾਰੀਆਂ ਏਆਈਜੀ ਬਲਰਾਜ ਸਿੰਘ, ਡੀਐੱਸਪੀ ਰਾਕੇਸ਼ ਕੁਮਾਰ ਨੇ ਬਿੱਟੂ ਔਲਖ ਤੋਂ 80 ਸਵਾਲ ਪੁੱਛੇ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਕਰੀਬ ਸਾਢੇ ਚਾਰ ਵਜੇ ਤਕ ਉਸ ਤੋਂ ਪੁੱਛਗਿੱਛ ਕੀਤੀ ਗਈ। ਟੀਮ ਬਿੱਟੂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ। ਬਿੱਟੂ ਨੂੰ ਦੁਬਾਰਾ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਂ ਜਾਂ 10 ਫਰਵਰੀ ਨੂੰ ਬਿੱਟੂ ਔਲਖ ਜਾਂਚ ਟੀਮ ਸਾਹਮਣੇ ਦੁਬਾਰਾ ਪੇਸ਼ ਹੋ ਸਕਦਾ ਹੈ। ਜਾਂਚ ਟੀਮ ਨੇ ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦੀ ਤੋਂ ਬਾਅਦ ਅੰਮ੍ਰਿਤਸਰ ਦੇ ਅਮਰਿੰਦਰ ਸਿੰਘ ਲਾਡੀ ਨੂੰ ਵੀ ਨਾਮਜ਼ਦ ਕੀਤਾ ਹੈ। ਉਹ ਕੈਨੇਡਾ ’ਚ ਦੱਸਿਆ ਜਾ ਰਿਹਾ ਹੈ। ਪਿੰਦੀ ਖ਼ਿਲਾਫ਼ ਪਟਿਆਲਾ ’ਚ 2013 ’ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਸ ਨੂੰ ਅਦਾਲਤ ਨੇ ਭਗੌਡ਼ਾ ਕਰਾਰ ਦਿੱਤਾ ਸੀ। ਇਸ ਮਾਮਲੇ ’ਚ ਜਾਂਚ ਟੀਮ ਹੁਣ ਤਕ ਏਡੀਜੀਪੀ (ਐੱਸਟੀਐੱਫ) ਜਗਦੀਸ਼ ਭੋਲਾ, ਸਾਬਕਾ (ਈਡੀ) ਡਾਇਰੈਕਟਰ ਨਿਰੰਜਨ ਸਿੰਘ, ਇੰਸਪੈਕਟਰ ਅਵਤਾਰ ਸਿੰਘ ਸਮੇਤ ਸੀਨੀਅਰ ਐਡਵੋਕੇਟ ਦੇ ਬਿਆਨ ਦਰਜ ਕਰ ਚੁੱਕੀ ਹੈ।