ਪਾਰਟੀ ਦੀ ਬਜਾਏ ਆਪਣਾ ਮਾਡਲ ਹੀ ਅੱਗੇ ਵਧਾ ਰਹੇ ਸਨ ਸਿੱਧੂ

ਚੰਡੀਗੜ੍ਹ, ਮੀਡੀਆ ਬਿਊਰੋ:

ਆਖ਼ਰ ਹਾਈਕਮਾਨ ਨੇ ਸੂੁਬਾ ਕਾਂਗਰਸ ’ਚ ਤਰਥੱਲੀ ਪਾਉਣ ਵਾਲੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ਾ ਮੰਗ ਲਿਆ। ਕਾਂਗਰਸ ਅੰਦਰ ਲਗਾਤਾਰ ਇਹ ਗੱਲ ਉੱਠ ਰਹੀ ਸੀ ਕਿ ਪੰਜ ਸਾਲ ਪਹਿਲਾਂ ਆਏ ਸਿੱਧੂ ਨੂੰ ਪਾਰਟੀ ਨੇ ਸੂਬੇ ਦੀ ਕਮਾਨ ਸੌਂਪ ਦਿੱਤੀ, ਜਿਸ ਨਾਲ ਵਿਧਾਨ ਸਭਾ ਚੋਣਾਂ ’ਚ ਨੁਕਸਾਨ ਹੋਇਆ। ਪਾਰਟੀ ’ਚ ਅੱਜਕੱਲ੍ਹ ਬਾਹਰੀ ਤੇ ਪੁਰਾਣੇ ਕਾਂਗਰਸੀਆਂ ਦਾ ਮੁੱਦਾ ਗਰਮ ਹੋ ਗਿਆ ਹੈ। ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਜਿਸ ਤਰ੍ਹਾਂ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਹਾਰ ਲਈ ਸਿੱਧੂ ਨੂੰ ਸਭ ਤੋਂ ਵੱਡਾ ਜ਼ਿੰਮੇਵਾਰ ਦੱਸਿਆ ਸੀ, ਉੱਥੋਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਸਿੱਧੂ ਦੀ ਪਾਰੀ ਹੁਣ ਲੰਬੀ ਚੱਲਣ ਵਾਲੀ ਨਹੀਂ ਹੈ।

ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਪਾਰਟੀ ਦੀ ਬਜਾਏ ਆਪਣੇ ‘ਪੰਜਾਬ ਮਾਡਲ’ ਨੂੰ ਹੀ ਅੱਗੇ ਵਧਾਉਂਦੇ ਰਹੇ। ਸਿੱਧੂ ਨੇ ਪਾਰਟੀ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦਾ ਦਬਾਅ ਬਣਾਇਆ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ। ਇਸ ਤੋਂ ਬਾਅਦ ਵੀ ਸਿੱਧੂ ਤੇ ਚੰਨੀ ਦਰਮਿਆਨ ਖਿੱਚੋਤਾਣ ਖ਼ਤਮ ਨਹੀਂ ਹੋਈ।

ਇਸ ਗੱਲ ’ਤੇ ਕਾਂਗਰਸ ਦੇ ਉਮੀਦਵਾਰਾਂ ਨੇ ਵੀ ਨਾਰਾਜ਼ਗੀ ਪ੍ਰਗਟਾਈ। ਉੱਥੇ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਮਤਦਾਨ ਤੋਂ ਤੁਰੰਤ ਬਾਅਦ ਹੀ ਕਹਿ ਦਿੱਤਾ ਸੀ ਕਿ ਸਿੱਧੂ ਦੇ ਬੋਲਣ ਦੀ ਸ਼ੈਲੀ ਲੋਕਾਂ ਨੂੰ ਪਸੰਦ ਨਹੀਂ ਆਈ। ਸਿੱਧੂ ਨੇ ਪ੍ਰਚਾਰ ਦੌਰਾਨ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੂੰ ਅਪਸ਼ਬਦ ਕਹਿ ਦਿੱਤੇ ਸਨ। ਇਸ ਤੋਂ ਪਹਿਲਾਂ ਉਹ ਆਪਣੀ ਹੀ ਪਾਰਟੀ ਦੀ ਇੱਟ ਨਾਲ ਇੱਟ ਵਜਾਉਣ ਦੀ ਗੱਲ ਕਰਦੇ ਰਹੇ।

ਫਿਰ ਕਿਸੇ ਹਿੰਦੂ ਨੇਤਾ ਨੂੰ ਮਿਲ ਸਕਦੀ ਹੈ ਕਮਾਨ

ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ’ਚ ਸੂਬਾ ਪ੍ਰਧਾਨ ਦੀ ਕਮਾਨ ਕਿਸੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ। 2021 ’ਚ ਕਾਂਗਰਸ ਨੇ ਐੱਸਸੀ ਤੇ ਜੱਟ ਸਿੱਖ ਦਾ ਪੱਤਾ ਖੇਡਿਆ ਸੀ। ਇਹ ਤਜਰਬਾ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਇਆ, ਕਿਉਂਕਿ ਐੱਸਸੀ ਮੁੱਖ ਮੰਤਰੀ ਤੇ ਜੱਟ ਸਿੱਖ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਕਾਂਗਰਸ ਨੂੰ ਨਾ ਤਾਂ ਆਸ ਮੁਤਾਬਕ ਜੱਟ ਸਿੱਖ ਵੋਟ ਮਿਲੀ ਤੇ ਨਾ ਹੀ ਐੱਸਸੀ ਦੀ। ਉਲਟਾ ਹਿੰਦੂ ਵੋਟਰ ਵੀ ਕਾਂਗਰਸ ਦੇ ਹੱਥੋਂ ਜਾਂਦੇ ਰਹੇ। 2017 ’ਚ 77 ਸੀਟਾਂ ਜਿੱਤਣ ਵਾਲੀ ਕਾਂਗਰਸ 2022 ’ਚ 18 ਸੀਟਾਂ ’ਤੇ ਸਿਮਟ ਗਈ। ਇਸ ਨੂੰ ਦੇਖਦੇ ਹੋਏ ਕਾਂਗਰਸ ਹੁਣ ਫਿਰ ਹਿੰਦੂ ਨੂੰ ਸੂਬੇ ਦੀ ਕਮਾਨ ਸੌਂਪ ਸਕਦੀ ਹੈ। ਕਾਂਗਰਸ ਨੂੰ ਅਜਿਹੇ ਹਿੰਦੂ ਚਿਹਰੇ ਦੀ ਤਲਾਸ਼ ਹੈ, ਜੋ ਪਾਰਟੀ ਨੂੰ ਇਕੱਠੀ ਕਰ ਕੇ ਚੱਲ ਸਕੇ। ਅਜਿਹੇ ’ਚ ਸਭ ਦੀ ਨਜ਼ਰ ਸੁਨੀਲ ਜਾਖਡ਼ ਵੱਲ ਉੱਠ ਰਹੀ ਹੈ, ਪਰ ਜਾਖਡ਼ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਹੁਣ ਉਹ ਸਰਗਰਮ ਸਿਆਸਤ ’ਚੋਂ ਬਾਹਰ ਹਨ।

Share This :

Leave a Reply