ਚੰਨੀ ਦੀ ਗੈਰ-ਮੌਜੂਦਗੀ ‘ਚ ਬੋਲੇ ਸਿੱਧੂ

ਠੀਕ ਕੰਮ ਨਾ ਕਰਨ ਵਾਲੇ ਇਕ ਹੋਰ CM ਨੂੰ ਵੀ ਨਿਪਟਾ ਸਕਦਾਂ

ਗੁਰਦਾਸਪੁਰ/ਹੁਸ਼ਿਆਰਪੁਰ, ਮੀਡੀਆ ਬਿਊਰੋ:

ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਗੈਰ-ਹਾਜ਼ਰੀ ‘ਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਰਾਹੁਲ ਗਾਂਧੀ (Rahul Gandhi) ਦੀਆਂ ਰੈਲੀਆਂ ‘ਤੇ ਵਰ੍ਹਿਆ। ਐਤਵਾਰ ਨੂੰ ਧੂਰੀ ਦੀ ਰੈਲੀ ‘ਚ ਭਾਵੇਂ ਸਿੱਧੂ ਨੇ ਕੁਝ ਨਹੀਂ ਬੋਲਿਆ ਪਰ ਅੰਮ੍ਰਿਤਸਰ ‘ਚ ਐੱਨਆਰਆਈਜ਼ ਦੇ ਨਾਲ ਬੈਠਕ ‘ਚ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਦੋ-ਤਿੰਨ ਸੀਐੱਮ ਨੂੰ ਭੁਗਤਾ ਚੁੱਕੇ ਹਨ। ਉਹ ਏਨੇ ਤਾਕਤਵਰ ਹਨ ਕਿ ਠੀਕ ਕੰਮ ਨਾ ਕਰਨ ਵਾਲੇ ਇਕ-ਅੱਧੇ ਹੋਰ ਸੀਐੱਮ ਨੂੰ ਵੀ ਨਿਪਟਾ ਸਕਦੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਧੂਰੀ ‘ਚ ਸਿੱਧੂ ਨੇ ਪ੍ਰਿਅੰਕਾ ਗਾਂਧੀ ਦੀ ਰੈਲੀ ਨੂੰ ਇਹ ਕਹਿੰਦੇ ਹੋਏ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਚੰਨੀ ਨੂੰ ਰੈਲੀ ‘ਚ ਸੰਬੋਧਨ ਲਈ ਕਿਹਾ ਜਾਵੇ।

ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ‘ਚ ਸਰਕਾਰ ਬਣਦੀ ਹੈ ਤਾਂ ਕਿਸੇ ਵੀ ਵਿਧਾਇਕ ਦੇ ਪੁੱਤਰ ਜਾਂ ਰਿਸ਼ਤੇਦਾਰ ਨੂੰ ਚੇਅਰਮੈਨ ਨਾ ਬਣਾਇਆ ਜਾਵੇ। ਚੇਅਰਮੈਨ ਨੂੰ ਆਮ ਵਰਕਰ ਬਣਾਇਆ ਜਾਵੇ। ਕਿਉਂਕਿ ਜਦੋਂ ਲੀਡਰ ਐਕਸ (ਸਾਬਕਾ) ਬਣ ਜਾਵੇਗਾ ਪਰ ਪਾਰਟੀ ਲਈ ਖੂਨ-ਪਸੀਨਾ ਵਹਾਉਣ ਵਾਲਾ ਵਰਕਰ ਫਿਰ ਵੀ ਕੰਮ ਕਰਦਾ ਰਹੇਗਾ। ਉਸ ਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ।

ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਰੇਤ ਨਿਗਮ ਬਣੇਗਾ ਤੇ ਲੋਕਾਂ ਨੂੰ ਰੇਤ ਦੀਆਂ ਟਰਾਲੀਆਂ 1000 ਰੁਪਏ ‘ਚ ਮਿਲਣਗੀਆਂ। ਕੇਬਲ ਦਾ ਰੈਗੂਲੇਟਰੀ ਕਮਿਸ਼ਨ ਬਣਾਇਆ ਜਾਵੇਗਾ ਤੇ ਕੇਬਲ ਮਾਫੀਆ ਨੂੰ ਖਤਮ ਕਰ ਕੇ ਲੋਕਾਂ ਨੂੰ 200 ਰੁਪਏ ‘ਚ ਕੇਬਲ ਦਿੱਤੀ ਜਾਵੇਗੀ। ਨਕਲੀ ਸ਼ਰਾਬ ਦਾ ਕਾਰੋਬਾਰ ਵੀ ਖਤਮ ਹੋਵੇਗਾ। ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਤੇ ਇਕ ਸਾਲ ‘ਚ ਅੱਠ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਕੇਜਰੀਵਾਲ ਸਿਰਫ਼ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਸਿਰਫ਼ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ। ਕਾਂਗਰਸ ਸਰਕਾਰ ਆਉਣ ‘ਤੇ ਸਾਰੀਆਂ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ।

Share This :

Leave a Reply