ਚੰਡੀਗੜ੍ਹ, 19 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਵੱਖ-ਵੱਖ ਲੀਡਰਾਂ, ਵਿਧਾਇਕਾਂ ਤੇ ਮੰਤਰੀਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੈਕਟਰ 2 ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਲਾਗੇ ਆਪਣੀ ਤਾਕਤ ਦਿਖਾਈ। ਨਵੇਂ ਪ੍ਰਧਾਨ ਦੇ ਸਵਾਗਤ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਰਕਾਰੀ ਘਰ ਹਾਈ ਟੀ ਪਾਰਟੀ ਰੱਖੀ ਗਈ, ਜਿਸ ਵਿਚ ਕਾਂਗਰਸ ਦੇ ਪੰਜ ਮੰਤਰੀਆਂ ਸਮੇਤ ਕਰੀਬ 35 ਵਿਧਾਇਕ ਪਹੁੰਚੇ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਮੌਕੇ ‘ਤੇ ਮੌਜੂਦ ਸਨ।
ਕੱਲ੍ਹ ਤਕ ਕੈਪਟਨ ਦੀ ਹਮਾਇਤ ਕਰਨ ਵਾਲੇ ਗਿੱਲ ਵਿਧਾਨ ਸਭਾ ਦੇ ਵਿਧਾਇਕ ਕੁਲਦੀਪ ਵਸਿੰਘ ਵੈਦ ਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਸ ਮੌਕੇ ‘ਤੇ ਮੌਜੂਦ ਸਨ। ਸਿੱਧੂ ਜਿਸ ਸਮੇਂ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਰਕਾਰੀ ਨਿਵਾਸ ‘ਤੇ ਮੌਜੂਦ ਸਨ। ਹਾਲਾਂਕਿ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਤੋਂ 11 ਮੰਤਰੀਆਂ ਨੇ ਦੂਰੀ ਬਣਾ ਕੇ ਰੱਖੀ। ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਸੋਮਵਾਰ ਨੂੰ ਚੰਡੀਗੜ੍ਹ ਪੁੱਜੇ। ਇਸ ਤੋਂ ਪਹਿਲਾਂ ਸਿੱਧੂ ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੇ ਮੋਹਾਲੀ ਸਥਿਤ ਨਿਵਾਸ ‘ਤੇ ਗਏ। ਸਿੱਧੂ ਦੀ ਗੱਡੀ ਦਾ ਸਟੇਅਰਿੰਗ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲਿਆ ਤਾਂ ਨਾਲ ਕੁਲਬੀਰ ਜ਼ੀਰਾ ਬੈਠੇ। ਨਾਗਰਾ ਦੇ ਇੱਥੇ ਕੇਕ ਕੱਟਣ ਤੋਂ ਬਾਅਦ ਸਿੱਧੂ ਦਾ ਕਾਫ਼ਲਾ ਜਿਵੇਂ-ਜਿਵੇਂ ਅੱਗੇ ਵਧਿਆ, ਵਿਧਾਇਕ ਤੇ ਕਾਂਗਰਸੀ ਆਗੂ ਉਨ੍ਹਾਂ ਨਾਲ ਜੁੜਦੇ ਰਹੇ।
ਸਿੱਧੂ ਯੂਥ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਕੈਪਟਨ ਦੇ ਕਰੀਬੀ ਬਰਿੰਦਰ ਢਿਲੋਂ ਦੇ ਘਰ ਵੀ ਪਹੁੰਚੇ। ਉਸ ਤੋਂ ਬਾਅਦ ਉਹ ਸੁਨੀਲ ਜਾਖੜ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇੱਥੇ ਹੁੰਦੇ ਹੋਏ ਬਾਜਵਾ ਦੀ ਕੋਠੀ ਪਹੁੰਚੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਸਮੇਤ ਤਿੰਨ ਦਰਜਨ ਦੇ ਕਰੀਬ ਵਿਧਾਇਕ ਮੌਜੂਦ ਸਨ। ਸਿੱਧੂ ਨੇ ਭਾਵੇਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਪਰ ਟਵਿੱਟਰ ‘ਤੇ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਪੰਜਾਬ ਮਾਡਲ ਤੇ ਹਾਈ ਕਮਾਨ ਦੇ 18 ਸੂਤਰੀ ਪ੍ਰੋਗਰਾਮ ਅਤੇ ‘ਮਿਸ਼ਨ ਜਿੱਤੇਗਾ ਪੰਜਾਬ’ ਨੂੰ ਪੂਰਾ ਕਰਨ ਲਈ ਹਰ ਕਾਂਗਰਸ ਮੈਂਬਰ ਦਾ ਸਹਿਯੋਗ ਲਿਆ ਜਾਵੇਗਾ।