ਕਾਂਗਰਸੀ ਸਰਪੰਚ ਦੇ ਪਤੀ ਸਮੇਤ 4 ਦੀ ਮੌਤ
ਕਾਹਨੂੰਵਾਨ, ਮੀਡੀਆ ਬਿਊਰੋ:
ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾ ‘ਚ ਜ਼ਮੀਨੀ ਵਿਵਾਦ ਦੇ ਕਬਜ਼ੇ ਨੂੰ ਲੈ ਕੇ 4 ਵਿਅਕਤੀਆਂ ਦੇ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਪਿੰਡ ਫੁੱਲੜਾ ਦੀ ਮੌਜੂਦਾ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਉਨ੍ਹਾਂ ਦੇ ਗੁਆਂਢੀ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ ਅਤੇ ਜੈਮਲ ਸਿੰਘ ਪੁੱਤਰ ਤੇਜਾ ਸਿੰਘ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਨੌਜਵਾਨ ਅਮਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਦਸੂਹਾ ਇਸ ਗੋਲੀਬਾਰੀ ਦੀ ਘਟਨਾ ‘ਚ ਜਾਨ ਗੁਆ ਬੈਠੇ ਹਨ।
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਤੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਸੂਚਨਾ ਤਹਿਤ ਸੋਮਵਾਰ ਨੂੰ 11 ਵਜੇ ਦੇ ਕਰੀਬ ਸੁਖਰਾਜ ਸਿੰਘ ਅਤੇ ਉਸਦੇ ਸਾਥੀ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦੇ ਰਹੇ ਸਨ ਇਸ ਦੌਰਾਨ ਨਿਰਮਲ ਸਿੰਘ ਹੁਸ਼ਿਆਰਪੁਰ ਧਿਰ ਕੁੱਝ ਰਕਬੇ ਚ ਗੰਨਾ ਬੀਜਣ ਆਏ ਸਨ। ਜਦੋਂ ਸੁਖਰਾਜ ਸਿੰਘ ਧਿਰ ਵੱਲੋਂ ਉਹਨਾਂ ਨੂੰ ਜ਼ਮੀਨ ਵਾਹੁਣ ਤੋਂ ਰੋਕਿਆ ਤਾਂ ਇਸ ਦੌਰਾਨ ਕੁਝ ਲੋਕ ਗੱਡੀਆਂ ਤੇ ਸਵਾਰ ਹੋ ਕੇ ਸੁਖਰਾਜ ਸਿੰਘ ਦੇ ਮਾਲਕੀ ਵਾਲੀ ਜ਼ਮੀਨ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਖਰਾਜ ਸਿੰਘ ਵੱਲੋਂ ਵੀ ਬਚਾਅ ਵਿੱਚ ਚਲਾਈਆਂ ਸਨ ਜਿਸ ਨਾਲ ਹਮਲਾਵਰਾਂ ਵਿੱਚੋਂ ਵੀ ਕੁਝ ਲੋਕ ਫੱਟੜ ਹੋਏ ਸਨ ਬਾਅਦ ਵਿੱਚ ਸੁਖਰਾਜ ਸਿੰਘ ਨਿਸ਼ਾਨ ਸਿੰਘ ਤੇ ਜੈਮਲ ਸਿੰਘ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਹਰਚੋਵਾਲ ਵਿਚ ਲਿਜਾਇਆ ਗਿਆ। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਦੇ ਨਾਲ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਦਸੂਹਾ ਪੁਲਸ ਵੱਲੋਂ ਐੱਸਪੀ ਮੁਖਤਿਆਰ ਰਾਏ ਤੇ ਹੋਰ ਵੱਡੀ ਗਿਣਤੀ ਵਿੱਚ ਪਹੁੰਚੇ।
ਇਸ ਮੌਕੇ ਦੇ ਚਸ਼ਮਦੀਦ ਵਿਅਕਤੀ ਨੇ ਦੱਸਿਆ ਕਿ 10 ਤੋਂ ਵੱਧ ਗੱਡੀਆਂ ਵਿੱਚ ਆਏ ਲੋਕਾਂ ਨੇ ਆਉਂਦਿਆਂ ਹੀ ਅੰਧਾ ਧੁੰਦ ਸੁਖਰਾਜ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਪਾਣੀ ਲਗਾ ਰਿਹਾ ਸੀ। ਉਸ ਨੇ ਦੱਸਿਆ ਕਿ ਹਮਲਾਵਰ ਲੋਕਾਂ ਨੇ ਉਸਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ ਕੀਤੀ ਪਰ ਉਸਨੇ ਕਿਹਾ ਕਿ ਉਹ ਉਸ ਦਾ ਇਸ ਜ਼ਮੀਨ ਨਾਲ ਜਾਂ ਸੁਖਰਾਜ ਸਿੰਘ ਧਿਰ ਨਾਲ ਕੋਈ ਸਬੰਧ ਨਹੀਂ ਤਾਂ ਉਨ੍ਹਾਂ ਨੇ ਉਸ ਨੂੰ ਉਸ ਦੀ ਜਾਨ ਬਖ਼ਸ਼ ਦਿੱਤੀ। ਇਸ ਸਬੰਧੀ ਜਦੋਂ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਤਕ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨਿਰਮਲ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਚਸ਼ਮਦੀਦਾਂ ਦੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰ ਕੇ ਇਸ ਘਟਨਾ ਦੇ ਮੂਲ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।






















