ਚੰਡੀਗੜ੍ਹ, ਮੀਡੀਆ ਬਿਊਰੋ: ਸੋਸ਼ਲ ਮੀਡੀਆ ’ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਥੇ ਸਿੱਖਾਂ ਨੂੰ ਬਦਨਾਮ ਕਰਨ ਦੀ ਇਸ ਘਿਨੌਣੀ ਹਰਕਤ ਦੀ ਕਰੜੀ ਨਿੰਦਿਆ ਕੀਤੀ ਹੈ, ਉਥੇ ਸਰਕਾਰਾਂ ਨੂੰ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਸਿੱਖ ਆਪਣੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਹਮੇਸ਼ਾ ਤੋਂ ਔਰਤਾਂ ਦਾ ਸਤਿਕਾਰ ਕਰਦੇ ਹਨ ਪਰ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਸ਼ਕਤੀਆਂ ਨੂੰ ਸ਼ਾਨਦਾਰ ਰਵਾਇਤਾਂ ਅਤੇ ਹਰ ਇਕ ਦਾ ਸਤਿਕਾਰ ਕਰਨ ਦਾ ਵਿਚਾਰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਜਿਹੀ ਮੰਦਭਾਵਨਾ ਨਾਲ ਬੀਤੇ ਦਿਨਾਂ ’ਚ ਬੁੱਲੀ ਬਾਈ ਐਪ ’ਤੇ ਮੁਸਲਮਾਨ ਔਰਤਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਨੂੰ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਿੱਖ ਨਾਵਾਂ ਵਾਲੇ ਫਰਜ਼ੀ ਖਾਤਿਆਂ ’ਤੇ ਸ਼ੇਅਰ ਕਰ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਹਰਕਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਸ ਬੁੱਲੀ ਬਾਈ ਐਪ ਦੇ ਮਾਮਲੇ ਵਿਚ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਇਸ ਮਾਮਲੇ ’ਚ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਹਰ ਅਨਸਰ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸਾਈਬਰ ਕਰਾਈਮ ਵਿਭਾਗ ਰਾਹੀਂ ਪਤਾ ਲਗਾਉਣ ਲਈ ਪੱਤਰ Çਲਿਖਆ ਹੈ। ਉਨ੍ਹਾਂ ਕਿਹਾ ਕਿ ਗੈਰ-ਇਖ਼ਲਾਕੀ ਪੋਸਟਾਂ ਨੂੰ ਸਿੱਖ ਨਾਵਾਂ ਵਾਲੇ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ’ਤੇ ਸ਼ੇਅਰ ਕਰਨ ਵਾਲੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਬੁੱਲੀ ਬਾਈ ਐਪ ਕੇਸ ’ਚ ਮੁੰਬਈ ਆਦਿ ਥਾਵਾਂ ਤੋਂ ਦੋ ਜਣਿਆਂ ਵਿਸ਼ਾਲ ਕੁਮਾਰ ਤੇ ਸ਼ਵੇਤਾ ਸਿੰਘ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਬਾਰੇ ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਦੱਸਿਆ ਹੈ ਕਿ ਇਨ੍ਹਾਂ ਵੱਲੋਂ ਟਵਿਟਰ ਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ‘ਖ਼ਾਲਸਾ ਸੁਪਰੇਮਿਸਟ’, ‘ਜੱਟ ਖ਼ਾਲਸਾ’, ‘ਜਸਟਿਸ ਫਾਰ ਸਿੱਖਜ਼’, ਆਦਿ ਸਿੱਖ ਨਾਵਾਂ ਦੀ ਦੁਰਵਰਤੋਂ ਕਰ ਕੇ ਕੌਮਾਂਤਰੀ ਪੱਧਰ ’ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ।