ਨਗਰ ਕੌਂਸਲ ਦੀ ਪਹਿਲੀ ਮੀਟਿੰਗ ’ਚ ਹੋਈਆਂ ਤਿੱਖੀਆਂ ਝੜਪਾਂ, ਅਕਾਲੀ ਦਲ ਦੇ ਕੌਂਸਲਰਾਂ ਨੇ ਕੀਤਾ ਵਾਕਆਊਟ

ਖੰਨਾ (ਪਰਮਜੀਤ ਸਿੰਘ ਧੀਮਾਨ) – ਨਗਰ ਕੌਂਸਲ ਖੰਨਾ ਦੀ ਪਹਿਲੀ ਬੈਠਕ ’ਚ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਵਾਰਡ ਨੰਬਰ 26 ਵਿਚ ਬਣ ਰਹੇ ਕਮਿਊਨਿਟੀ ਸੈਂਟਰ ਦਾ ਨਾਂਅ ਰੱਖਣ ਨੂੰ ਲੈ ਕੇ ਤਿੱਖੀ ਝੜਪ ਹੋਈ। ਸੱਤਾਧਾਰੀ ਧਿਰ ਕਾਂਗਰਸ ਨੇ ਕਮਿਊਨਿਟੀ ਸੈਂਟਰ ਦਾ ਨਾਂਅ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂਅ ’ਤੇ ਰੱਖਣ ਨੂੰ ਲੈ ਕੇ ਏਜੰਡਾ ਲਿਆਂਦਾ ਤੇ ਅਕਾਲੀ ਦਲ ਨੇ ਇਸ ਦਾ ਡੱਟਵਾਂ ਵਿਰੋਧ ਕੀਤਾ। ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਕਮਿਊਨਿਟੀ ਸੈਂਟਰ ਦਾ ਨਾਮ ਪਹਿਲਾ ਹੀ ਉਸਾਰੀ ਮੌਕੇ ਭਗਤ ਪੂਰਨ ਸਿੰਘ ਦੇ ਨਾਂਅ ’ਤੇ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਕਾਂਗਰਸ ਕਮਿਊਨਿਟੀ ਸੈਂਟਰ ਦਾ ਨਾਂਅ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਦਾਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂਅ ’ਤੇ ਰੱਖ ਕੇ ਭਗਤ ਪੂਰਨ ਸਿੰਘ ਦਾ ਅਪਮਾਨ ਕਰ ਰਹੀ ਹੈ। ਵਿਰੋਧੀ ਧਿਰ ਦੀ ਗੱਲ ਜਦੋਂ ਨਾ ਮੰਨੀ ਗਈ ਤਾਂ ਅਕਾਲੀ ਦਲ ਦੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਅਚਾਨਕ ਬੈਠਕ ਦਾ ਏਜੰਡਾ ਪਾੜ੍ਹ ਕੇ ਸੁੱਟ ਦਿੱਤਾ ਤੇ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਬੈਠਕ ਤੋਂ ਵਾਕਆਊਟ ਕੀਤਾ ਗਿਆ। ਇਸ ਦੌਰਾਨ ਹੋਰ ਕਈ ਮਤਿਆਂ ’ਤੇ ਜਦੋਂ ਕਾਲੀਰਾਓ ਤੇ ਪੌਂਪੀ ਬੋਲਣ ਲਈ ਉੱਠੇ ਤਾਂ ਉਪ ਪ੍ਰਧਾਨ ਪਾਠਕ ਦੇ ਨਾਲ ਉਨ੍ਹਾਂ ਦੀ ਤਿੱਖੀ ਨੋਕ-ਝੋਕ ਹੋ ਗਈ। ਵਾਰਡ 10 ਦੀ ਮਹਿਲਾ ਕੌਂਸਲਰ ਤਲਵਿੰਦਰ ਕੌਰ ਰੋਸ਼ਾ ਮੀਟਿੰਗ ਵਿੱਚ ਆਪਣੇ ਨਾਲ ਇੱਕ ਪਾਣੀ ਦੀ ਬੋਤਲ ਲੈ ਕੇ ਆਈ। ਉਨ੍ਹਾਂ ਕੌਂਸਲ ਪ੍ਰਧਾਨ ਲੱਧੜ ਤੇ ਉਪ ਪ੍ਰਧਾਨ ਜਤਿੰਦਰ ਪਾਠਕ ਦੇ ਸਾਹਮਣੇ ਉਹ ਬੋਤਲ ਰੱਖਦੇ ਹੋਏ ਕਿਹਾ ਕਿ ਅਸੀਂ ਲੋਕ ਇੱਥੇ ਮਿਨਰਲ ਵਾਟਰ ਪੀ ਰਹੇ ਹਾਂ ਅਤੇ ਉੱਥੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ। ਇਸ ਦੇ ਨਾਲ ਹੀ ਵਾਰਡ 5 ਦੀ ਅਕਾਲੀ ਕੌਂਸਲਰ ਰੀਟਾ ਰਾਣੀ ਨੇ ਵੀ ਆਪਣੇ ਵਾਰਡ ’ਚ ਲਾਈਟਾਂ ਖ਼ਰਾਬ ਹੋਣ ਤੇ ਸੇਨੈਟਾਈਜੇਸ਼ਨ ਨਾ ਕਰਾਉਣ ਦਾ ਮੁੱਦਾ ਚੁੱਕਿਆ। ਮੀਟਿੰਗ ਦੌਰਾਨ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸਮੇਤ ਸਾਰੇ ਕੌਂਸਲਰ ਹਾਜ਼ਰ ਹੋਏ।

Share This :

Leave a Reply