ਇਨਸਾਨੀਅਤ ਹੋਈ ਸ਼ਰਮਸਾਰ- ਖੰਨਾ ’ਚ ਗਰਭਵਤੀ ਮਹਿਲਾ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ

ਖੰਨਾ (ਪਰਮਜੀਤ ਸਿੰਘ ਧੀਮਾਨ) – ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਪ੍ਰੰਤੂ ਜਦੋਂ ਡਾਕਟਰ ਹੀ ਆਪਣੇ ਕਿੱਤੇ ਪ੍ਰਤੀ ਲਾਪ੍ਰਵਾਹੀ ਵਰਤਣ ਲੱਗ ਜਾਣ ਤਾਂ ਰੱਬ ਹੀ ਰਾਖਾ ਹੈ। ਖੰਨਾ ਵਿਚ ਅਜਿਹੀ ਹੀ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਸ਼ਹਿਰ ਖੰਨਾ ਵਿਚ ਜੀ. ਟੀ. ਰੋਡ ‘ਤੇ ਸਥਿਤ ਸਰਕਾਰੀ ਹਸਪਤਾਲ ’ਚ ਡਾਕਟਰ ਦੀ ਲਾਪਰਵਾਹੀ ਕਾਰਨ ਇਕ ਔਰਤ ਨੇ ਸੜਕ ਉੱਪਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਘਟਨਾ ਨੇ ਜਿੱਥੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦਾ ਅਸਲੀ ਚਿਹਰਾ ਮੁੜ ਤੋਂ ਲੋਕਾਂ ਸਾਹਮਣੇ ਲਿਆਂਦਾ ਹੈ, ਉਥੇ ਹੀ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੇ ਦਾਅਵੇ ਦੀ ਪੋਲ ਵੀ ਖੋਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮਿਲਟਰੀ ਗਰਾਉਂਡ ਖੰਨਾ ਵਿਖੇ ਝੁਗੀਆਂ ਵਿਚ ਰਹਿਣ ਵਾਲੇ ਕ੍ਰਿਸ਼ਨ ਦੀ ਪਤਨੀ ਮੀਰਾ ਨੂੰ ਜਣੇਪੇ ਦਾ ਦਰਦ ਹੋਇਆ ਤਾਂ ਉਹ ਆਪਣੀ ਘਰਵਾਲੀ ਨੂੰ ਲੈ ਕੇ ਸਰਕਾਰੀ ਹਸਪਤਾਲ ਲੈ ਗਿਆ।

ਕ੍ਰਿਸ਼ਨ ਨੇ ਦੱਸਿਆ ਕਿ ਉਥੇ ਡਾਕਟਰ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦੋਂ ਉਹ ਆਪਣੀ ਘਰਵਾਲੀ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਉਸਦੀ ਘਰਵਾਲੀ ਨੇ ਬੱਚੇ ਨੂੰ ਜਨਮ ਦੇ ਦਿੱਤਾ। ਕਹਿਣ ਨੂੰ ਖੰਨਾ ਦੇ ਸਿਵਲ ਹਸਪਤਾਲ ਨੂੰ ਟਰਾਮਾ ਸੈਂਟਰ ਬਣਾਇਆ ਗਿਆ ਹੈ, ਇੱਥੇ ਜੱਚਾ ਔਰਤ ਬੱਚਾ ਨਾਮ ਦਾ ਵੱਖਰਾ ਸੈਂਟਰ ਵੀ ਬਣਿਆ ਹੋਇਆ ਹੈ । ਸਿਵਲ ਹਸਪਤਾਲ ਵਿਚ ਸਰਕਾਰ ਦੇ ਇਹ ਦਾਅਵੇ ਕਰਦੇ ਪੋਸਟਰ ਲੱਗੇ ਹਨ ਕਿ ਇੱਥੇ ਮਹਿਲਾਵਾਂ ਦੀ ਡਿਲਵਰੀ ਅਤੇ ਨਵ-ਜਨਮੇ ਬੱਚਿਆਂ ਦਾ ਵੀ ਫਰੀ ਇਲਾਜ ਹੁੰਦਾ ਹੈ, ਪ੍ਰੰਤੂ ਅੱਜ ਦੀ ਘਟਨਾ ਨੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਸਾਹਮਣੇ ਲੈ ਆਂਦੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਖੰਨਾ ਦੇ ਐਸ. ਐਮ ਓ. ਡਾ. ਸਤਪਾਲ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰੰਤ ਹਸਪਤਾਲ ਪੁੱਜੇ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋੋਸ਼ੀ ਪਾਇਆ ਗਿਆ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share This :

Leave a Reply