ਜਲੰਧਰ, ਮੀਡੀਆ ਬਿਊਰੋ:
ਚਾਰ ਸਾਲ ਤੋਂ ਪੰਜਾਬ ’ਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ’ਚ ਲੱਗੀ ਈਡੀ ਦੀ ਟੀਮ ਨੂੰ ਹੁਣ ਸਫਲਤਾ ਹੱਥ ਲੱਗਣ ਲੱਗੀ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਮਾਹੌਲ ’ਚ ਈਡੀ ਦੀ ਇਸ ਕਾਰਵਾਈ ਦਾ ਬੇਸ਼ੱਕ ਸਿਆਸੀਕਰਨ ਕੀਤਾ ਜਾ ਰਿਹਾ ਹੋਵੇ, ਪਰ ਹੁਣ ਈਡੀ ਦੇ ਰਡਾਰ ’ਤੇ 13 ਵਿਧਾਇਕਾਂ ਤੇ 27 ਵੱਡੇ ਅਫ਼ਸਰਾਂ ਸਮੇਤ ਤਮਾਮ ਨੇਤਾ ਆ ਚੁੱਕੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਦੀ ਵੀ ਈਡੀ ਦੀ ਉਕਤ ਕਾਰਵਾਈ ਵਿਧਾਇਕਾਂ ’ਤੇ ਵੀ ਹੋ ਸਕਦੀ ਹੈ।
ਪੰਜਾਬ ’ਚ 2018 ’ਚ ਨਾਜਾਇਜ਼ ਰੇਤ ਮਾਈਨਿੰਗ ਦਾ ਮੁੱਦਾ ਗਰਮਾਉਣ ਤੋਂ ਬਾਅਦ ਕਾਂਗਰਸ ਸਰਕਾਰ ਇਕ ਵਾਰ ਕਟਹਿਰੇ ’ਚ ਖਡ਼੍ਹੀ ਹੋ ਗਈ ਸੀ। ਉਸ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਰੇਤ ਖਨਨ ਖ਼ਿਲਾਫ਼ ਜੰਗੀ ਪੱਧਰ ’ਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ। ਕੁਝ ਦਿਨਾਂ ਦੀ ਕਾਰਵਾਈ ਤੋਂ ਬਾਅਦ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਕਾਰਵਾਈ ਦੇ ਨਾਂ ’ਤੇ ਛੋਟੇ ਮੋਟੇ ਕਰਿੰਦਿਆਂ ਨੂੰ ਫਡ਼ ਕੇ ਆਪਣੀਆਂ ਉਪਲਬਧੀਆਂ ਗਿਣਵਾ ਲਈਆਂ ਸਨ। ਇਸ ਦੌਰਾਨ ਦਰਜਨਾਂ ਮਸ਼ੀਨਾਂ ਤੇ ਨਾਜਾਇਜ਼ ਮਾਈਨਿੰਗ ’ਚ ਲੱਗੀਆਂ ਗੱਡੀਆਂ ਨੂੰ ਵੀ ਜ਼ਬਤ ਕੀਤਾ ਗਿਆ ਸੀ। ਉਸ ਤੋਂ ਬਾਅਦ ਸਿਆਸੀ ਦਬਾਅ ਕਾਰਨ ਫਿਰ ਮਾਮਲਾ ਠੰਢੇ ਬਸਤੇ ’ਚ ਚਲਾ ਗਿਆ ਸੀ।
ਇਕ ਸਾਲ ਬਾਅਦ ਈਡੀ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ’ਚ ਦਰਜ ਕਰਵਾਈਆਂ ਐੱਫਆਈਆਰ ਮੰਗਵਾ ਕੇ ਉਨ੍ਹਾਂ ਦੀ ਪਡ਼ਤਾਲ ਸ਼ੁਰੂ ਕਰਵਾਈ ਸੀ। ਉਸ ਵੇਲੇ ਨਵਾਂਸ਼ਹਿਰ ਦੇ ਥਾਣੇ ’ਚ ਦਰਜ ਐੱਫਆਈਆਰ ਦੀ ਪਡ਼ਤਾਲ ਦੌਰਾਨ ਹਨੀ ਦਾ ਜ਼ਿਕਰ ਵੀ ਈਡੀ ਦੀ ਜਾਣਕਾਰੀ ’ਚ ਆਇਆ ਸੀ। ਇਨ੍ਹਾਂ ਮਾਮਲਿਆਂ ਦੀ ਪਡ਼ਤਾਲ ਤੋਂ ਬਾਅਦ ਈਡੀ ਦੀ ਜਾਂਚ ’ਚ ਇਹ ਵੀ ਨਿਕਲ ਕੇ ਆਇਆ ਸੀ ਕਿ ਪੰਜਾਬ ’ਚ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ’ਚ ਸਿੱਧੇ ਜਾਂ ਅਸਿੱਧੇ ਰੂਪ ’ਚ 22 ਵਿਧਾਇਕਾਂ ਤੇ 27 ਅਧਿਕਾਰੀਆਂ ਦੀ ਮਿਲੀਭੁਗਤ ਹੈ। ਇਸ ਤੋਂ ਇਲਾਵਾ ਛੋਟੇ ਪੱਧਰ ’ਤੇ ਤਮਾਮ ਪਾਰਟੀਆਂ ਦੇ ਆਗੂਆਂ ਦੀ ਵੀ ਮਿਲੀਭੁਗਤ ਨਾਲ ਇਹ ਸਾਰਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ ਤੇ ਕਰੋਡ਼ਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ।
ਈਡੀ ਦੇ ਉੱਚ ਅਧਿਕਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੂੰ ਵੀ ਉਸ ਵੇਲੇ ਇਨ੍ਹਾਂ ਵਿਧਾਇਕਾਂ ਦੇ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ’ਚ ਸ਼ਾਮਲ ਹੋਣ ਸਬੰਧੀ ਕੁਝ ਜਾਣਕਾਰੀ ਹਾਸਲ ਹੋ ਗਈ ਸੀ। ਇਸ ਤੋਂ ਪਹਿਲਾਂ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ, ਸਾਰੇ ਚੌਕਸ ਹੋ ਗਏ ਸਨ। ਪਰ ਈਡੀ ਨੇ ਆਪਣੀ ਜਾਂਚ ਜਾਰੀ ਰੱਖੀ ਸੀ। 2019 ਦੇ ਸ਼ੁਰੂ ’ਚ ਜਾਂਚ ਦੇ ਨਤੀਜੇ ਹੁਣ ਆਉਣੇ ਸ਼ੁਰੂ ਹੋਏ ਹਨ। ਈਡੀ ਦੇ ਉੱਚ ਅਧਿਕਾਰੀਆਂ ਮੁਤਾਬਕ ਉਸ ਵੇਲੇ ਜਿਨ੍ਹਾਂ 13 ਵਿਧਾਇਕਾਂ ਦੇ ਨਾਂ ਜਾਂਚ ਵਿਚ ਸਾਹਮਣੇ ਆਏ ਸਨ, ਉਨ੍ਹਾਂ 13 ਵਿਧਾਇਕਾਂ ਖ਼ਿਲਾਫ਼ ਕਦੀ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਸਤਲੁਜ, ਬਿਆਸ ਤੇ ਰਾਵੀ ’ਚ ਹੋਇਆ ਸਭ ਤੋਂ ਵੱਧ ਮਾਈਨਿੰਗ
ਈਡੀ ਦੀ ਜਾਂਚ ’ਚ ਇਹ ਵੀ ਨਿਕਲ ਕੇ ਆ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਭ ਤੋਂ ਵਧ ਨਾਜਾਇਜ਼ ਮਾਈਨਿੰਗ ਦਾ ਸ਼ਿਕਾਰ ਹੋਣ ਵਾਲੀਆਂ ਪੰਜਾਬ ਦੀਆਂ ਨਦੀਆਂ ’ਚ ਸਤਲੁਜ, ਬਿਆਸ ਤੇ ਰਾਵੀ ਦਾ ਨਾਂ ਪ੍ਰਮੁੱਖ ਹੈ। ਸਤਲੁਜ ਤੇ ਬਿਆਸ ਤੋਂ ਸਭ ਤੋਂ ਵੱਧ ਨਾਜਾਇਜ਼ ਮਾਈਨਿੰਗ ਦੀ ਜਾਣਕਾਰੀ ਈਡੀ ਦੀ ਜਾਂਚ ’ਚ ਨਿਕਲ ਕੇ ਆ ਚੁੱਕੀ ਹੈ। ਹਾਲੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਹਨ ਕਿ ਇਹ ਨਾਜਾਇਜ਼ ਖਨਨ ਕਿੰਨੇ ਕਿਊਬਿਕ ਫੁੱਟ ’ਚ ਕੀਤਾ ਗਿਆ ਹੈ।
ਨਾਜਾਇਜ਼ ਮਾਈਨਿੰਗ ਨਾਲ ਵਾਤਾਵਰਨ ਨੂੰ ਨੁਕਸਾਨ
ਈਡੀ ਨੇ ਹਾਲੇ ਤਕ ਦੀ ਜਾਂਚ ’ਚ ਨਾਜਾਇਜ਼ ਮਾਈਨਿੰਗ ਰਾਹੀਂ ਕਰੋਡ਼ਾਂ ਰੁਪਏ ਦੀ ਕਮਾਈ ਤੇ ਉਨ੍ਹਾਂ ਦਾ ਵਿਦੇਸ਼ ’ਚ ਟਰਾਂਸਫਰ ਤੋਂ ਇਲਾਵਾ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਸ਼ੁੱਕਰਵਾਰ ਨੂੰ ਅਦਾਲਤ ’ਚ ਈਡੀ ਨੇ ਇਹ ਤਰਕ ਵੀ ਪੇਸ਼ ਕੀਤਾ ਹੈ।