ਕਾਬੁਲ(ਮੀਡੀਆ ਬਿਊਰੋ) : ਅਫ਼ਗਾਨਿਸਤਾਨ ‘ਚ ਸੁਰੱਖਿਆ ਬਲਾਂ ਤੇ ਤਾਲਿਬਾਨ ਵਿਚਕਾਰ ਜੰਗ ਤੇਜ਼ ਹੋ ਗਈ ਹੈ। ਅਫ਼ਗਾਨ ਸੁਰੱਖਿਆ ਬਲਾਂ ਨੇ ਕਈ ਸੂਬਿਆਂ ‘ਚ ਅੱਤਾਵਦੀਆਂ ਨੂੰ ਨਿਸ਼ਾਨਾ ਬਣਾਇਆ। ਬੀਤੇ 24 ਘੰਟਿਆਂ ‘ਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਕਰੀਬ 90 ਨੂੰ ਜ਼ਖ਼ਮੀ ਕਰ ਦਿੱਤਾ। ਨਿਊਜ਼ ਏਜੰਸੀ ਸ਼ਿਨਹੂਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹੇਰਾਤ ਸੂਬੇ ‘ਚ ਸੁਰੱਖਿਆ ਬਲਾਂ ਦੀ ਮੁਹਿੰਮ ‘ਚ 52 ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 47 ਜ਼ਖ਼ਮੀ ਹੋ ਗਏ। ਇਹ ਮੁਹਿੰਮ ਸੂਬਾਈ ਰਾਜਧਾਨੀ ਹੈਰਾਤ ਸਿਟੀ ਤੇ ਇਸ ਦੇ ਆਲੇ ਦੁਆਲੇ ਦੇ ਜ਼ਿਲਿ੍ਹਆਂ ‘ਚ ਚਲਾਈ ਗਈ।
ਸੁਰੱਖਿਆ ਬਲਾਂ ਨੇ ਸਮਰਥਨ ‘ਚ ਅਫ਼ਗਾਨ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ। ਅਫ਼ਗਾਨ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੇਰਾਤ ਦੇ ਘੁਰੀਅਨ ਜ਼ਿਲ੍ਹੇ ‘ਚ 13 ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 22 ਜ਼ਖ਼ਮੀ ਹੋ ਗਏ। ਇੱਥੇ ਹਵਾਈ ਹਮਲੇ ‘ਚ ਅੱਤਵਾਦੀਆਂ ਦੇ ਸੱਤ ਵਾਹਨਾਂ ਤੇ ਵੱਡੀ ਮਾਤਰਾ ‘ਚ ਗੋਲ਼ਾ-ਬਾਰੂਦ ਤਬਾਹ ਕਰ ਦਿੱਤਾ ਗਿਆ। ਜਦਕਿ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਇਲਾਕਿਆਂ ‘ਚ ਕੀਤੇ ਗਏ ਹਵਾਈ ਹਮਲਿਆਂ ‘ਚ ਤਾਲਿਬਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇੱਥੇ ਵੀ ਕਈ ਅੱਤਵਾਦੀਆਂ ਦੇ ਮਰਨ ਤੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਏਧਰ ਕੰਧਾਰ ਸੂਬੇ ਦੇ ਝਾਰੀ ਜ਼ਿਲ੍ਹੇ ‘ਚ ਤਾਲਿਬਾਨ ਅੱਤਵਾਦੀਆਂ ਦੇ ਇਕ ਇਕੱਠ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਹਵਾਈ ਹਮਲੇ ‘ਚ 36 ਅੱਤਵਾਦੀਆਂ ਦੇ ਮਰਨ ਤੇ 20 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਮਰੀਕੀ ਬਲਾਂ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਫ਼ਗਾਨਿਸਤਾਨ ‘ਚ ਤਾਲਿਬਾਨ ਆਪਣਾ ਘੇਰਾ ਵਧਾ ਰਿਹਾ ਹੈ। ਇਸ ਅੱਤਵਾਦੀ ਸੰਗਠਨ ਦਾ ਦੇਸ਼ ਦੇ ਅੱਧੇ ਤੋਂ ਵੱਧ ਹਿੱਸੇ ‘ਤੇ ਕਬਜ਼ਾ ਹੋ ਚੁੱਕਿਆ ਹੈ। ਇਨ੍ਹਾਂ ਥਾਵਾਂ ਤੋਂ ਅੱਤਵਾਦੀਆਂ ਨੂੰ ਭਜਾਉਣ ਲਈ ਅਫ਼ਗਾਨ ਸੁਰੱਖਿਆ ਬਲਾਂ ਨੇ ਮੁਹਿੰਮ ਚਲਾਈ ਹੋਈ ਹੈ।