ਸਕਾਟਲੈਂਡ ਦੇ ਸਿਹਤ ਸਕੱਤਰ ਨੇ ਕੀਤਾ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਵੀਰਵਾਰ ਨੂੰ ਕਲਾਇਡਬੈਂਕ ਦੇ ਐੱਨ ਐੱਚ ਐੱਸ ਗੋਲਡਨ ਜੁਬਲੀ ਹਸਪਤਾਲ ਵਿਖੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਸ ਸੁਵਿਧਾ ਵਿੱਚ ਨਵੇਂ ਬਣਾਏ ਅੱਖਾਂ ਦੇ ਕੇਂਦਰ ਦਾ ਦੌਰਾ ਕੀਤਾ ਜੋ ਕਿ ਨਵੇਂ ਰਾਸ਼ਟਰੀ ਇਲਾਜ ਕੇਂਦਰ ਦਾ ਪਹਿਲਾ ਪੜਾਅ ਅਤੇ ਹਸਪਤਾਲ ਦੇ ਯੋਜਨਾਬੱਧ ਵਿਸਥਾਰ ਦਾ ਹਿੱਸਾ ਵੀ ਹੈ।ਸਕਾਟਲੈਂਡ ਦੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਨੂੰ ਰਸਮੀ ਤੌਰ ‘ਤੇ ਖੋਲ੍ਹਣ ਸਮੇਂ ਹਮਜ਼ਾ ਯੂਸਫ ਨੇ ਐੱਨ ਐੱਚ ਐੱਸ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਠੀਕ ਹੋਣ ਲਈ 11.5 ਮਿਲੀਅਨ ਪੌਂਡ ਦੀ ਵਾਧੂ ਸਹਾਇਤਾ ਦਾ ਵਾਅਦਾ ਵੀ ਕੀਤਾ ਹੈ।

ਇਸ ਅੱਖਾਂ ਦੇ ਕੇਂਦਰ ਨੇ ਨਵੰਬਰ 2020 ਵਿੱਚ ਮਰੀਜ਼ਾਂ ਨੂੰ ਵੇਖਣਾ ਸ਼ੁਰੂ ਕੀਤਾ ਸੀ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸਦੇ ਅਧਿਕਾਰਤ ਉਦਘਾਟਨ ਵਿੱਚ ਦੇਰੀ ਹੋਈ। ਇਸ ਨਵੇਂ ਇਲਾਜ ਕੇਂਦਰ ਵਿੱਚ ਹੋਰ ਇਲਾਜਾਂ ਲਈ ਦੂਜੇ ਪੜਾਅ ਤਹਿਤ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਜਿਸ ਨੂੰ ਜੂਨ 2023 ਤੱਕ ਪੂਰਾ ਕੀਤੇ ਜਾਣ ਦੀ ਉਮੀਦ ਹੈ। ਜਿਸ ਨਾਲ ਹਰ ਸਾਲ ਹਜ਼ਾਰਾਂ ਹੋਰ ਕਮਰ ਅਤੇ ਗੋਡਿਆਂ ਨੂੰ ਬਦਲਣ ਅਤੇ ਹੋਰ ਆਰਥੋਪੈਡਿਕ ਇਲਾਜਾਂ ਦੀ ਸਹੂਲਤ ਮਿਲੇਗੀ। ਇਸ ਮੌਕੇ ਸਿਹਤ ਸਕੱਤਰ ਨੇ ਐੱਨ ਐੱਚ ਐੱਸ ਗੋਲਡਨ ਜੁਬਲੀ ਆਈ ਸੈਂਟਰ ਨੂੰ ਸਕਾਟਲੈਂਡ ਦੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਵਜੋਂ ਖੋਲ੍ਹਣ ‘ਤੇ ਖੁਸ਼ੀ ਪ੍ਰਗਟ ਕੀਤੀ।

Share This :

Leave a Reply