ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਐਂਬੂਲੈਂਸ ਸੇਵਾ ਦੀ ਸਹਾਇਤਾ ਕਰਨ ਲਈ ਫੌਜੀ ਜਵਾਨ ਪਹੁੰਚ ਚੁੱਕੇ ਹਨ। ਸਕਾਟਲੈਂਡ ਦੀ ਸਰਕਾਰ ਦੁਆਰਾ ਡਿਫੈਂਸ ਵਿਭਾਗ ਨੂੰ ਐਂਬੂਲੈਂਸ ਸੇਵਾ ਦੀ ਸਹਾਇਤਾ ਲਈ ਬੇਨਤੀ ਕੀਤੀ ਗਈ ਸੀ, ਜਿਸਦੇ ਜਵਾਬ ਵਿੱਚ ਇਹ ਸੈਨਿਕ ਤਾਇਨਾਤ ਕੀਤੇ ਗਏ ਹਨ। ਇਹਨਾਂ ਸੈਨਿਕਾਂ ਦੁਆਰਾ ਐਂਬੂਲੈਂਸਾਂ ਦੇ ਡਰਾਈਵਰਾਂ ਦੇ ਤੌਰ ‘ਤੇ ਸਹਾਇਤਾ ਕੀਤੀ ਜਾਵੇਗੀ। ਸੈਨਿਕਾਂ ਦੇ ਪਹੁੰਚਣ ‘ਤੇ ਸਕਾਟਲੈਂਡ ਦੇ ਸਿਹਤ ਸਕੱਤਰ ਹਮਜਾ ਯੂਸਫ ਨੂੰ ਉਮੀਦ ਹੈ ਕਿ ਐਂਬੂਲੈਂਸਾਂ ਚਲਾਉਣ ਵਿੱਚ ਫੌਜ ਦੀ ਸਹਾਇਤਾ, ਮਰੀਜ਼ਾਂ ਦੇ ਉਡੀਕ ਸਮੇਂ ਵਿੱਚ ਮਹੱਤਵਪੂਰਣ ਸੁਧਾਰ ਲਿਆਏਗੀ।
ਇਸ ਸਹਾਇਤਾ ਦੇ ਲਈ ਤਕਰੀਬਨ 114 ਸੈਨਿਕ ਤਾਇਨਾਤ ਕੀਤੇ ਗਏ ਹਨ, ਜਿਹਨਾਂ ਦੁਆਰਾ ਐਤਵਾਰ ਤੋਂ ਡਰਾਈਵਰਾਂ ਦੇ ਤੌਰ ‘ਤੇ ਪਹਿਲੀ ਤਾਇਨਾਤੀ ਦੀ ਉਮੀਦ ਹੈ। ਇਸ ਦੌਰਾਨ ਸਿਹਤ ਸਕੱਤਰ ਨੇ ਹੈਮਿਲਟਨ ਦੇ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਬੇਸ ‘ਤੇ ਇਸ ਸਹਾਇਤਾ ਲਈ ਸਿਖਲਾਈ ਪ੍ਰਾਪਤ ਕਰ ਰਹੇ ਸੈਨਿਕਾਂ ਨੂੰ ਮਿਲਦਿਆਂ ਉਹਨਾਂ ਦਾ ਧੰਨਵਾਦ ਕੀਤਾ। ਸਕਾਟਲੈਂਡ ਦੀ ਫੌਜੀ ਕਮਾਂਡ ਦੇ ਕਮਾਂਡਰ ਕਰਨਲ ਐਂਥਨੀ ਫਿਲਿਪਸ ਅਨੁਸਾਰ ਲਗਭਗ ਦੋ-ਤਿਹਾਈ ਫੌਜ ਗਲਾਸਗੋ ਖੇਤਰ ਅਤੇ ਇੱਕ ਤਿਹਾਈ ਐਡਿਨਬਰਾ ਖੇਤਰ ਵਿੱਚ ਤਾਇਨਾਤ ਹੋਵੇਗੀ ਅਤੇ ਸੈਨਿਕਾਂ ਨੂੰ ਐਂਬੂਲੈਂਸ ਸੇਵਾ ਦੁਆਰਾ ਲੋੜ ਅਨੁਸਾਰ ਕਿਤੇ ਹੋਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ।