ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਸ਼ਨੀਵਾਰ ਨੂੰ ਇੱਕ ਰੇਲਵੇ ਸ਼ਟੇਸ਼ਨ ਵਿੱਚ ਅੱਗ ਲੱਗਣ ਤੋਂ ਬਾਅਦ ਕਈ ਰੇਲ ਰੂਟਾਂ ਨੂੰ ਕੈਂਸਲ ਕੀਤਾ ਗਿਆ ਹੈ। ਸਕਾਟਲੈਂਡ ਦੇ ਦੱਖਣੀ ਆਇਰਸ਼ਾਇਰ ਦੇ ਇੱਕ ਰੇਲਵੇ ਸਟੇਸ਼ਨ ‘ਤੇ ਲੱਗੀ ਅੱਗ ਨੂੰ ਅੱਗ ਬੁਝਾਊ ਕਾਮਿਆਂ ਵੱਲੋਂ ਕਾਫੀ ਜੱਦੋਜਹਿਦ ਦੇ ਬਾਅਦ ਕਾਬੂ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਫਾਇਰ ਸਰਵਿਸ ਨੂੰ ਤਕਰੀਬਨ 12:40 ਵਜੇ ਤਰੂਨ ਰੇਲਵੇ ਸ਼ਟੇਸ਼ਨ ‘ਤੇ ਲੱਗੀ ਅੱਗ ਨੂੰ ਬੁਝਾਉਣ ਲਈ ਬੁਲਾਇਆ ਗਿਆ। ਸਟੇਸ਼ਨ ਦੇ ਟਿਕਟ ਦਫਤਰ ਅਤੇ ਛੱਤ ਵਧੇਰੇ ਅੱਗ ਨਾਲ ਪ੍ਰਭਾਵਿਤ ਸਨ ਅਤੇ ਇਸ ਅੱਗ ਨਾਲ ਨਿਕਲੇ ਧੂੰਏ ਨੂੰ ਮੀਲਾਂ ਦੂਰ ਤੋਂ ਦੇਖਿਆ ਜਾ ਸਕਦਾ ਸੀ। ਇਸ ਅੱਗ ਦੀ ਵਜ੍ਹਾ ਨਾਲ ਸ਼ਟੇਸ਼ਨ ਨੇੜਲੇ ਹੇਅਰ ਡ੍ਰੈਸਰ ਅਤੇ ਕੈਫੇ ਵੀ ਨੁਕਸਾਨੇ ਗਏ।
ਹਾਲਾਂਕਿ ਅਧਿਕਾਰੀਆਂ ਅਨੁਸਾਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਜਾਂ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਸਕਾਟਰੇਲ ਨੇ ਕਿਹਾ ਕਿ ਤਰੂਨ ਸ਼ਟੇਸ਼ਨ ਦੀਆਂ ਦੋਵੇਂ ਰੇਲਵੇ ਲਾਈਨਾਂ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸੁਰੱਖਿਆ ਸੇਵਾ ਦੇ ਖਤਮ ਹੋਣ ਤੱਕ ਬੰਦ ਰਹਿਣਗੀਆਂ। ਲਾਈਨਾਂ ਦੇ ਬੰਦ ਹੋਣ ਕਾਰਨ ਕਈ ਰੇਲ ਰੂਟ ਵੀ ਰੱਦ ਹੋਏ। ਇਸਦੇ ਇਲਾਵਾ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਅੱਗ ਨਾਲ ਨਜਿੱਠਣ ਲਈ ਓਵਰਹੈੱਡ ਲਾਈਨਾਂ ਦੀ ਬਿਜਲੀ ਵੀ ਕੱਟਣੀ ਪਈ , ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਈ। ਇਸ ਅਗਨੀਕਾਂਡ ਦੀ ਜਾਂਚ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ।