ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸਰਕਾਰ ਦੁਆਰਾ ਸੋਮਵਾਰ ਨੂੰ ਦੇਸ਼ ਭਰ ਵਿੱਚ ਜ਼ਿਆਦਾਤਰ ਕੋਵਿਡ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਸਕਾਟਲੈਂਡ ਵਿੱਚ ਸਿਹਤ ਦੇਖਭਾਲ ਸੰਸਥਾਵਾਂ ਲਈ ਸਰੀਰਕ ਦੂਰੀ ਬਣਾਈ ਰੱਖਣੀ ਜਰੂਰੀ ਰਹੇਗੀ।
ਸਕਾਟਿਸ਼ ਸਰਕਾਰ ਨੇ ਪੁਸ਼ਟੀ ਕੀਤੀ ਕਿ ਹਸਪਤਾਲ, ਜੀ ਪੀ ਸਰਜਰੀਆਂ ਅਤੇ ਦੰਦਾਂ ਦੇ ਡਾਕਟਰ ਦੋ ਮੀਟਰ ਦੀ ਸਰੀਰਕ ਦੂਰੀ ਦਾ ਪਾਲਣ ਕਰਦੇ ਰਹਿਣਗੇ। ਇਸਦੇ ਨਾਲ ਹੀ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਉਪਾਵਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਐਨ ਐਚ ਐਸ ਦੀ ਸੁਰੱਖਿਅਤ ਸਿਹਤਯਾਬੀ ਦੀ ਯੋਜਨਾ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰਕਾਸ਼ਤ ਕੀਤੀ ਜਾਵੇਗੀ।

ਸਿਹਤ ਮਾਹਰਾਂ ਅਨੁਸਾਰ ਹਸਪਤਾਲਾਂ ਅਤੇ ਹੋਰ ਸਿਹਤ ਦੇਖਭਾਲ ਸੰਸਥਾਵਾਂ ਨੇ ਕੋਰੋਨਾ ਪਾਬੰਦੀਆਂ ਹਟਾਉਣ ਲਈ ਅਤੇ ਮਹਾਮਾਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੰਮ ਕਰਨ ਦੇ ਨਵੇਂ ਤਰੀਕੇ ਵਿਕਸਤ ਕੀਤੇ ਹਨ ਪਰ ਅਜੇ ਵੀ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਕੋਰੋਨਾ ਕੇਸਾਂ ਦਾ ਖਦਸ਼ਾ ਹੈ। ਹਸਪਤਾਲਾਂ ਵਿੱਚ ਸਰੀਰਕ ਦੂਰੀ ਪੁਸ਼ਟੀ ਕੀਤੇ ਜਾਂ ਸ਼ੱਕੀ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਟਾਫ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਸਹਾਇਕ ਸਿੱਧ ਹੋਵੇਗੀ।