ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਜਿਆਦਾ ਲੋਕਾਂ ਦਾ ਟੀਕਾਕਰਨ ਕਰਨ ਲਈ ਹਾਈਡ੍ਰੋ ਨੂੰ ਇੱਕ ਵੱਡੇ ਵੈਕਸੀਨ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਸੀ, ਪਰ ਹੁਣ ਇਹ ਕੇਂਦਰ ਗਲਾਸਗੋ ‘ਚ ਇਸ ਸਾਲ ਹੋਣ ਵਾਲੇ ਕੋਪ 26 ਸੰਮੇਲਨ ਦੀ ਮੇਜਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਉਦੇਸ਼ ਲਈ ਇਸ ਸੈਂਟਰ ਵਿੱਚ ਆਖ਼ਰੀ ਵਾਰ ਕੋਰੋਨਾ ਟੀਕੇ ਲਗਵਾਏ ਗਏ। ਹਾਈਡ੍ਰੋ ਇੱਕ ਦਿਨ ਵਿੱਚ ਤਕਰੀਬਨ 5000 ਟੀਕੇ ਲਗਾਉਣ ਵਾਲਾ ਸਥਾਨ ਹੈ, ਇਸਨੂੰ ਐੱਨ ਐੱਚ ਐੱਸ ਲੂਈਸਾ ਜੌਰਡਨ ਦੇ ਬੰਦ ਹੋਣ ਤੋਂ ਬਾਅਦ ਅਪ੍ਰੈਲ ਤੋਂ ਇੱਕ ਟੀਕਾ ਕੇਂਦਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।
ਹਾਈਡ੍ਰੋ, ਜੋ ਕਿ ਮੁੱਖ ਰੂਪ ਵਿੱਚ ਸਕਾਟਲੈਂਡ ਦਾ ਈਵੈਂਟ ਕੈਂਪਸ ਹੈ, 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲ ਰਹੀ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ ਲਈ ਹਜ਼ਾਰਾਂ ਡੈਲੀਗੇਟਾਂ ਦਾ ਸਵਾਗਤ ਕਰਨ ਲਈ ਤਿਆਰੀ ਕਰੇਗਾ। ਕੋਰੋਨਾ ਟੀਕਾਕਰਨ ਸਬੰਧੀ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਜਾਣਕਾਰੀ ਦਿੱਤੀ ਕਿ ਸਕਾਟਲੈਂਡ ਨੇ ਕੋਰੋਨਾ ਟੀਕਾਕਰਨ ਵਿੱਚ ਵਧੀਆ ਕਾਰਗੁਜ਼ਾਰੀ ਕੀਤੀ ਹੈ ਅਤੇ ਟੀਕਾਕਰਨ ਲਈ ਆਬਾਦੀ ਦੀ ਪ੍ਰਤੀਸ਼ਤ ਦੇ ਹਿਸਾਬ ਨਾਲ ਸਕਾਟਲੈਂਡ ਪਹਿਲੇ ਪੰਜਾਂ ਵਿੱਚ ਹੈ। ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 3,976,022 ਲੋਕਾਂ ਨੂੰ ਹੁਣ ਤੱਕ ਟੀਕਾਕਰਨ ਦੀ ਪਹਿਲੀ ਅਤੇ 2,966,054 ਲੋਕਾਂ ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ।