ਸਕਾਟਲੈਂਡ: ਕੋਵਿਡ ਵੈਕਸੀਨ ਪਾਸਪੋਰਟ ਐਪ 30 ਸਤੰਬਰ ਤੋਂ ਹੋਵੇਗੀ ਉਪਲੱਬਧ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਸਰਕਾਰ ਦੁਆਰਾ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲੱਗੀਆਂ ਹੋਣ ਦੇ ਸਬੂਤ ਨੂੰ ਡਿਜੀਟਲ ਰੂਪ ਦੇਣ ਲਈ ਅਗਲੇ ਮਹੀਨੇ ਤੋਂ ਵੈਕਸੀਨ ਪਾਸਪੋਰਟ ਐਪ ਦੀ ਵਰਤੋਂ ਸ਼ੁਰੂ ਕੀਤੀ ਜਾ ਰਹੀ ਹੈ। ਐੱਨ ਐੱਚ ਐੱਸ ਦੀ ਇਹ ਐਪ ਲੋਕਾਂ ਨੂੰ ਆਪਣੇ ਸਮਾਰਟ ਫੋਨਾਂ ਵਿੱਚ ਇੰਸਟਾਲ ਕਰਨੀ ਪਵੇਗੀ। ਇਹ ਐਪ ਵੱਖ ਵੱਖ ਐਪਲੀਕੇਸ਼ਨ ਸਟੋਰਾਂ ‘ਤੇ 30 ਸਤੰਬਰ ਤੋਂ ਉਪਲੱਬਧ ਹੋ ਜਾਵੇਗੀ। ਇਸ ਦੀ ਘੋਸ਼ਣਾ ਕਰਦਿਆਂ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਕਿ ਸਕਾਟਲੈਂਡ ਦੀ ਕੋਵਿਡ ਟੀਕਾ ਪਾਸਪੋਰਟ ਐਪ ਇਸ ਹਫਤੇ ਦੇ ਅਖੀਰ ਵਿੱਚ ਲਾਈਵ ਹੋਵੇਗੀ। ਇਸਦੇ ਇਲਾਵਾ ਉਹਨਾਂ ਹੋਲੀਰੂਡ ਵਿਖੇ ਸੰਸਦ ਮੈਂਬਰਾਂ ਨੂੰ ਖੁਲਾਸਾ ਕੀਤਾ ਕਿ ਟੀਕੇ ਲਈ ਸਬੂਤ ਮੰਗਣ ਦੀ ਪ੍ਰਕਿਰਿਆ ਸ਼ੁੱਕਰਵਾਰ, 1 ਅਕਤੂਬਰ ਤੋਂ ਲਾਗੂ ਹੋ ਜਾਵੇਗੀ।

ਹਾਲਾਂਕਿ, ਇਸਨੂੰ 18 ਅਕਤੂਬਰ ਤੱਕ ਹੋਰ ਦੋ ਹਫਤਿਆਂ ਲਈ ਕਾਨੂੰਨੀ ਤੌਰ ‘ਤੇ ਲਾਗੂ ਨਹੀਂ ਕੀਤਾ ਜਾਵੇਗਾ। ਇਸ ਲਈਐੱਨ ਐੱਚ ਐੱਸ ਕੋਵਿਡ ਸਟੇਟਸ ਐਪ ਇੱਕ ਦਿਨ ਪਹਿਲਾਂ ਵੀਰਵਾਰ, 30 ਸਤੰਬਰ ਨੂੰ ਵੱਖ ਵੱਖ ਐਪ ਸਟੋਰਾਂ ‘ਤੇ ਲਾਈਵ ਹੋਣ ਲਈ ਤਿਆਰ ਹੈ। ਇਹ ਐਪ ਹਰ ਇੱਕ ਵਿਅਕਤੀ ਦੀ ਟੀਕਾਕਰਨ ਸਥਿਤੀ ਦਾ ਇੱਕ ਡਿਜੀਟਲ ਰਿਕਾਰਡ ਪ੍ਰਦਾਨ ਕਰੇਗੀ, ਜਿਸ ਵਿੱਚ ਕਿਊ ਆਰ ਕੋਡ ਵੀ ਸ਼ਾਮਲ ਹੋਵੇਗਾ।ਜਦਕਿ ਟੀਕਾਕਰਨ ਰਿਕਾਰਡ ਦੀ ਕਾਗਜ਼ੀ ਕਾਪੀ ਦੀ ਬੇਨਤੀ ਜਾਂ ਐੱਨ ਐੱਚ ਐੱਸ ਇਨਫਾਰਮ ਵੈਬਸਾਈਟ ਤੋਂ ਪੀ ਡੀ ਐੱਫ ਡਾਉਨਲੋਡ ਕਰਨ ਦੀ ਸਹੂਲਤ ਪਹਿਲਾਂ ਹੀ ਮਿਲ ਰਹੀ ਹੈ। ਸਟਰਜਨ ਅਨੁਸਾਰ ਵੈਕਸੀਨ ਪਾਸਪੋਰਟ ਐਪ ਦੀ ਸ਼ੁੱਕਰਵਾਰ ਸਵੇਰੇ 5 ਵਜੇ ਕਾਨੂੰਨੀ ਜ਼ਿੰਮੇਵਾਰੀ ਲਾਗੂ ਹੋਣ ਤੋਂ ਬਾਅਦ, ਤਕਰੀਬਨ ਦੋ ਹਫਤਿਆਂ ਲਈ ਇੱਕ ਤਰ੍ਹਾਂ ਦਾ ਗਰੇਸ ਪੀਰੀਅਡ ਲੋਕਾਂ, ਕਾਰੋਬਾਰਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਉਹ ਐਪ ਨੂੰ ਸਮਝ ਕੇ ਇਸ ਵਿੱਚ ਵਿਸ਼ਵਾਸ ਪੈਦਾ ਕਰ ਸਕਣ।

Share This :

Leave a Reply