ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਿੱਚ ਇਸ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿੱਚ ਆਉਣ ਵਾਲੇ ਡੈਲੀਗੇਟਾਂ ਦੀ ਰਿਹਾਇਸ਼ ਵਜੋਂ ਵਰਤੋਂ ਕਰਨ ਲਈ ਇੱਕ ਸਮੁੰਦਰੀ ਜਹਾਜ਼ ਗਲਾਸਗੋ ਪਹੁੰਚ ਗਿਆ ਹੈ ਅਤੇ ਇਹ ਇਸ ਮੰਤਵ ਲਈ ਆਉਣ ਵਾਲੇ ਦੋ ਜਹਾਜ਼ਾਂ ਵਿੱਚੋਂ ਪਹਿਲਾ ਹੈ। ਲਾਤਵੀਆ ਦੇ ਝੰਡੇ ਵਾਲੇ ਇਹ ਰੋਮਾਂਟਿਕਾ ਨਾਮ ਦਾ ਜਹਾਜ਼ ਮੰਗਲਵਾਰ ਨੂੰ ਬਰੇੇਅਹੈੈੱਡ ਸ਼ਾਪਿੰਗ ਸੈਂਟਰ ਦੇ ਕੋਲ, ਕਿੰਗ ਜੌਰਜ ਡੌਕ ‘ਤੇ ਆਇਆ ਅਤੇ ਜਲਦੀ ਹੀ ਐਸਟੋਨੀਆ ਤੋਂ ਸਿਲਜਾ ਯੂਰੋਪਾ ਨਾਮ ਦਾ ਜਹਾਜ਼ ਵੀ ਇਸ ਨਾਲ ਸ਼ਾਮਲ ਹੋ ਜਾਵੇਗਾ।
ਸਕਾਟਲੈਂਡ ਪ੍ਰਸ਼ਾਸਨ ਅਨੁਸਾਰ ਲਗਭਗ 30,000 ਡੈਲੀਗੇਟਾਂ ਦੇ ਕਲਾਈਡ ਦੇ ਕੋਪ 26 ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਜਦਕਿ ਰੋਮਾਂਟਿਕਾ ਅਤੇ ਸਿਲਜਾ ਯੂਰੋਪਾ ਸਮੁੰਦਰੀ ਜਹਾਜ਼ਾਂ ਵਿੱਚ 3300 ਦੇ ਕਰੀਬ ਨੂੰ ਰਿਹਾਇਸ਼ ਦਿੱਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਕੋਪ 26 ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਹਿੱਸਿਆਂ ਦੇ ਰਿਹਾਇਸ਼ੀ ਸਥਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਗਿਆ ਹੈ। ਕੁੱਝ ਹੋਟਲ, ਬੀ ਐਂਡ ਬੀ ਅਤੇ ਅਪਾਰਟਮੈਂਟਸ ਕਾਨਫਰੰਸ ਦੇ ਸਮੇਂ ਦੌਰਾਨ ਰਹਿਣ ਲਈ 20,000 ਪੌਂਡ ਤੋਂ ਵੱਧ ਦਾ ਖਰਚਾ ਲੈਂਦੇ ਹਨ।