ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਸਕਾਟਿਸ਼ ਲੋਕਾਂ ਵੱਲੋਂ ਆਜ਼ਾਦੀ ਲਈ ਪਹਿਲਾ ਮਾਰਚ ਗਲਾਸਗੋ ਸ਼ਹਿਰ ਵਿੱਚ ਸ਼ਨੀਵਾਰ ਨੂੰ ਕੱਢਿਆ ਗਿਆ। ‘ਸਕਾਟਿਸ਼ ਇੰਡੀਪੈਂਡੈਂਸ ਮੂਵਮੈਂਟ’ ਸਮੂਹ ਦੁਆਰਾ ਆਯੋਜਿਤ ਇਸ ਮਾਰਚ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਦੁਪਹਿਰ ਨੂੰ ਕੇਲਵਿੰਗਰੋਵ ਪਾਰਕ ਤੋਂ ਗਲਾਸਗੋ ਗ੍ਰੀਨ ਤੱਕ ਮਾਰਚ ਕੀਤਾ। ਇਸ ਮਾਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੁਤੰਤਰਤਾ ਪੱਖੀ ਕਾਰਕੁਨਾਂ ਨੇ ਮਾਰਚ ਕਰਨ ਲਈ ਕੋਰੋਨਾ ਪਾਬੰਦੀਆਂ ਕਾਰਨ ਲੰਮੇ ਸਮੇਂ ਦਾ ਇੰਤਜ਼ਾਰ ਕੀਤਾ ਹੈ।
ਸਕਾਟਿਸ਼ ਲੋਕਾਂ ਵੱਲੋਂ ਕੋਵਿਡ ਤੋਂ ਪਹਿਲਾਂ ਵੀ ਸਕਾਟਲੈਂਡ ਦੀ ਸੁਤੰਤਰਤਾ ਲਈ ਸਮਰਥਨ ਇਕੱਠਾ ਕਰਨ ਲਈ ਨਿਯਮਤ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ ਗਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਸਕਾਟਲੈਂਡ ਦੇ ਦੌਰੇ ‘ਤੇ ਆਏ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਸੀ ਕਿ ਇਹ ਸੰਵਿਧਾਨਕ ਤਬਦੀਲੀ ਉਹਨਾਂ ਦੇ ਏਜੰਡੇ ਦਾ ਸਿਖਰ ਨਹੀਂ ਹੈ। ਇਸਦੇ ਇਲਾਵਾ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੀ ਸੁਤੰਤਰਤਾ ਸਬੰਧੀ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਉਪਰੰਤ ਵੋਟ ਪਾਉਣ ਦਾ ਵਾਅਦਾ ਵੀ ਕੀਤਾ ਹੋਇਆ ਹੈ।