ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਪਿਛਲਾ ਸਾਲ ਜਿਆਦਾਤਰ ਕੋਰੋਨਾ ਵਾਇਰਸ ਤਾਲਾਬੰਦੀ ਵਿੱਚ ਹੀ ਗੁਜਰਿਆ ਹੈ। ਲੋਕਾਂ ਨੇ ਘਰ ਵਿੱਚ ਹੀ ਆਪਣਾ ਸਮਾਂ ਬਤੀਤ ਕੀਤਾ ਹੈ। ਇਸ ਦੇ ਬਾਵਜੂਦ ਵੀ ਸਕਾਟਲੈਂਡ ਵਿੱਚ ਜਿਨਸੀ ਸ਼ੋਸ਼ਣ ਦੇ ਤਕਰੀਬਨ 5000 ਮਾਮਲੇ ਦਰਜ ਹੋਏ ਹਨ। ਸਕਾਟਲੈਂਡ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਲੜਕੀ ਨੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਰ ਪੀੜਤਾਂ ਤੱਕ ਪਹੁੰਚ ਕੀਤੀ ਅਤੇ ਤਾਲਾਬੰਦੀ ਨੂੰ ਇੱਕ ਮੁਸ਼ਕਿਲ ਸਮਾਂ ਦੱਸਿਆ। ਏਮਾ (ਅਸਲ ਨਾਮ ਨਹੀਂ ਹੈ) ਦਾ ਬਲਾਤਕਾਰ 16 ਸਾਲਾਂ ਦੀ ਉਮਰ ਵਿੱਚ ਉਸਦੇ ਪੁਰਸ਼ ਮਿੱਤਰ ਦੁਆਰਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਸਦੀ ਮਾਨਸਿਕ ਸਮੱਸਿਆਵਾਂ ਵਿੱਚੋਂ ਗੁਜਰ ਰਹੀ ਹੈ ਅਤੇ ਤਾਲਾਬੰਦੀ ਦੌਰਾਨ ਉਸਨੂੰ ਜਿਆਦਾ ਮਾਨਸਿਕ ਸਮੱਸਿਆ ਹੋਈ ਹੈ। ਇਸ ਸਬੰਧੀ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਵਿੱਚ ਪਿਛਲੇ ਸਾਲ ਤਾਲਾਬੰਦੀ ਦੇ ਬਾਵਜੂਦ ਲੱਗਭਗ 5,000 ਰਿਪੋਰਟ ਕੀਤੇ ਗਏ ਜਿਨਸੀ ਹਮਲੇ ਹੋਏ ਸਨ, ਜੋ ਕਿ ਉਸ ਤੋਂ ਪਿਛਲੇ ਸਾਲ ਦੇ 5123 ਤੋਂ ਥੋੜ੍ਹੇ ਘੱਟ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ 90% ਜਿਨਸੀ ਹਮਲੇ ਉਹਨਾਂ ਅਪਰਾਧੀਆਂ ਦੁਆਰਾ ਕੀਤੇ ਗਏ ਹਨ ਜੋ ਪੀੜਤਾਂ ਨੂੰ ਜਾਣਦੇ ਸਨ। ਸਾਲ 2019-20 ਵਿੱਚ ਬਲਾਤਕਾਰ ਜਾਂ ਇਸ ਦੀ ਕੋਸ਼ਿਸ਼ ਲਈ ਸਿਰਫ 300 ਮੁਕੱਦਮੇ ਚੱਲੇ, ਜਿਸ ਵਿੱਚ ਸਿਰਫ 130 ਸ਼ੱਕੀ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਹ ਗਿਣਤੀ ਇੱਕ ਸਾਲ ਪਹਿਲਾਂ 142 ਸੀ। ਸਕਾਟਲੈਂਡ ਦੀ ਮੈਂਟਲ ਹੈਲਥ ਫਾਊਂਡੇਸ਼ਨ ਅਨੁਸਾਰ ਕੌਵਿਡ -19 ਮਹਾਂਮਾਰੀ ਨੇ ਪੂਰੇ ਦੇਸ਼ ਉੱਤੇ ਭਾਵਨਾਤਮਕ ਦਬਾਅ ਪਾਇਆ ਹੈ ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵੇਖਿਆ ਨਹੀਂ ਗਿਆ ਸੀ।