ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਜਾਰੀ ਹੈ।ਜਿੱਥੇ ਜਿਆਦਾਤਰ ਲੋਕ ਕੋਰੋਨਾ ਟੀਕਾ ਲਗਵਾ ਰਹੇ ਹਨ, ਉੱਥੇ ਹੀ ਅੰਕੜਿਆਂ ਅਨੁਸਾਰ ਫਰਵਰੀ ਤੋਂ ਹੁਣ ਤੱਕ ਤਕਰੀਬਨ 5 ਲੱਖ ਦੇ ਕਰੀਬ ਮੁਲਾਕਾਤ ਬੁੱਕ ਕਰ ਚੁੱਕੇ ਲੋਕ ਟੀਕਾ ਲਗਵਾਉਣ ਤੋਂ ਖੁੰਝ ਗਏ ਹਨ।ਪਬਲਿਕ ਹੈਲਥ ਸਕਾਟਲੈਂਡ (ਪੀ ਐੱਚ ਐੱਸ) ਦੇ ਅੰਕੜਿਆਂ ਨੇ ਅਨੁਸਾਰ ਤਕਰੀਬਨ 484,582 ਟੀਕਾਕਰਨ ਦੀਆਂ ਮੁਲਾਕਾਤਾਂ ਲੋਕਾਂ ਦੁਆਰਾ ਭੁਗਤਾਈਆਂ ਨਹੀਂ ਗਈਆਂ ਹਨ, ਜਿਨ੍ਹਾਂ ਵਿੱਚ 446,366 ਕੋਰੋਨਾ ਵੈਕਸੀਨ ਦੀਆਂ ਪਹਿਲੀਆਂ ਅਤੇ 38,216 ਦੂਜੀਆਂ ਖੁਰਾਕਾਂ ਸ਼ਾਮਲ ਹਨ।
ਸਕਾਟਲੈਂਡ ਵਿੱਚ ਤਕਰੀਬਨ 146,822 ਲੋਕ 13 ਜੂਨ ਤੱਕ ਦੇ ਉਮਰ ਸਮੂਹ ਵਿੱਚ ਕੁੱਲ 467,437 ਵਿੱਚੋਂ ਟੀਕੇ ਦੀਆਂ ਮੁਲਾਕਾਤਾਂ ਵਿੱਚ ਸ਼ਾਮਲ ਨਹੀਂ ਹੋਏ ਸਨ। ਇਸ ਵਿੱਚ ਰੱਦ ਜਾਂ ਦੁਬਾਰਾ ਤੈਅ ਕੀਤੇ ਟੀਕੇ ਸ਼ਾਮਲ ਨਹੀਂ ਹਨ।
ਇਸਦੇ ਇਲਾਵਾ ਜਿਆਦਾਤਰ ਲੋਕਾਂ ਨੇ ਆਪਣੇ ਘਰ ਦੇ ਪਤੇ ਬਦਲਣ ਕਾਰਨ ਟੀਕਾਕਰਨ ਦੀ ਜਾਣਕਾਰੀ ਦੇਣ ਵਾਲੇ ਨੀਲੇ ਲਿਫ਼ਾਫ਼ਿਆਂ ਦੇ ਨਾ ਮਿਲਣ ਕਾਰਨ ਵੈਕਸੀਨ ਲਗਵਾਉਣ ਦਾ ਮੌਕਾ ਗੁਆ ਦਿੱਤਾ ਹੈ।
ਰਿਪੋਰਟਾਂ ਅਨੁਸਾਰ ਗਲਾਸਗੋ ਵਿੱਚ ਐੱਸ.ਐੱਸ.ਈ. ਹਾਈਡ੍ਰੋ ਅਤੇ ਐਡਿਨਬਰਾ ਵਿੱਚ ਰਾਇਲ ਹਾਈਲੈਂਡ ਸੈਂਟਰਾਂ ਵਿੱਚ ਇਹ ਗਿਣਤੀ ਜਿਆਦਾ ਹੈ। ਇਸ ਦੇ ਇਲਾਵਾ ਕੁੱਲ 569,075 ਪਹਿਲੀਆਂ ਖੁਰਾਕਾਂ ਦੀਆਂ ਮੁਲਾਕਾਤਾਂ ਨੂੰ ਫਰਵਰੀ ਤੋਂ ਬਾਅਦ ਰੱਦ ਵੀ ਕੀਤਾ ਗਿਆ ਹੈ, ਜਦੋਂ ਕਿ ਦੂਜੀ ਖੁਰਾਕ ਲਈ ਇਹ ਅੰਕੜਾ 270,090 ਹੈ।