ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਦੁਆਰਾ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ ।ਇਹਨਾਂ ਹੀ ਯਤਨਾਂ ਦੀ ਲੜੀ ਤਹਿਤ ਸਰਕਾਰ ਵੱਲੋਂ ਨਸ਼ਾਖੋਰੀ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਕਮਿਊਨਿਟੀ ਵਿਚਲੀਆਂ ਨਸ਼ਾ ਵਿਰੋਧੀ ਸੇਵਾਵਾਂ ਲਈ 1.5 ਮਿਲੀਅਨ ਪੌਂਡ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ।
ਸਕਾਟਿਸ਼ ਸਰਕਾਰ ਦੇ ਸਥਾਨਕ ਸਹਾਇਤਾ ਫੰਡ ਅਤੇ ਸੁਧਾਰ ਫੰਡ ਦੇ ਹਿੱਸੇ ਵਜੋਂ ਇਹਨਾਂ ਸੰਸਥਾਵਾਂ ਅਤੇ ਸਹਾਇਤਾ ਸੇਵਾਵਾਂ ਨੂੰ ਗਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਹ ਰਾਸ਼ੀ ਮਾਰਚ ਮਹੀਨੇ ਵਿੱਚ ਸਰਕਾਰ ਦੁਆਰਾ ਐਲਾਨੇ ਗਏ 18 ਮਿਲੀਅਨ ਪੌਂਡ ਦੇ ਪੈਕੇਜ ਦਾ ਹਿੱਸਾ ਹੈ ਜੋ ਕਿ ਨਸ਼ਿਆਂ ਨਾਲ ਸਬੰਧਤ ਮੌਤਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸਾਲ 2019 ਵਿੱਚ ਸਕਾਟਲੈਂਡ ‘ਚ ਨਸ਼ਿਆਂ ਦੀ ਵਜ੍ਹਾ ਕਾਰਨ 1264 ਮੌਤਾਂ ਦਰਜ ਕੀਤੀਆਂ ਗਈਆਂ ਸਨ। ਸਕਾਟਲੈਂਡ ਦੀ ਡਰਗਜ਼ ਪਾਲਿਸੀ ਮੰਤਰੀ ਐਂਜੇਲਾ ਕਾਂਸਟੈਂਸ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੇ ਹੱਲ ਲਈ 250 ਮਿਲੀਅਨ ਪੌਂਡ ਖਰਚ ਕੀਤੇ ਜਾਣਗੇ। ਜਿਸ ਵਿਚੋਂ 100 ਮਿਲੀਅਨ ਪੌਂਡ ਰਿਹਾਇਸ਼ੀ ਮੁੜ ਵਸੇਬੇ ਦੇ ਪ੍ਰਬੰਧ ਵਿਚ ਸੁਧਾਰ ਲਈ ਹੋਣਗੇ।