ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਬੁੱਧਵਾਰ ਨੂੰ ਇੱਕ ਅੱਗ ਲੱਗੀ ਹੋਈ ਕਾਰ ਵਿੱਚੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਬਾਰੇ ਸਕਾਟਲੈਂਡ ਪੁਲਿਸ ਦੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਕਾਟਲੈਂਡ ਦੇ ਡਮਫ੍ਰਾਈਜ਼ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਨੂੰ ਲੱਗੀ ਅੱਗ ਬੁਝਾਉਣ ਦੇ ਬਾਅਦ ਉਸ ਵਿੱਚੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੀ ਮੌਤ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 8.15 ਵਜੇ ਕਸਬੇ ਦੇ ਲਿੰਕਲੂਡੇਨ ਖੇਤਰ ਵਿੱਚ ਜੋਕਸ ਲੋਨਿੰਗ ਨੇੜੇ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਐਮਰਜੈਂਸੀ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ, ਪਰ ਅੱਗ ਬੁਝਣ ਪਿੱਛੋਂ ਮਨੁੱਖੀ ਅਵਸ਼ੇਸ਼ਾਂ ਨੂੰ ਸਲੇਟੀ ਰੰਗ ਦੀ ਵੌਕਸਹਾਲ ਇਨਸਿਗਨੀਆ ਕਾਰ ਵਿੱਚੋਂ ਬਰਾਮਦ ਕੀਤਾ ਗਿਆ। ਇਸ ਮੌਤ ਦੇ ਕਾਰਨਾਂ ਨੂੰ ਸਾਹਮਣੇ ਲਿਆਉਣ ਲਈ ਪੋਸਟਮਾਰਟਮ ਕੀਤਾ ਜਾਵੇਗਾ। ਇਸਦੇ ਇਲਾਵਾ ਪੁਲਿਸ ਵੱਲੋਂ ਇਸ ਹਾਦਸੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੀ ਅਪੀਲ ਕੀਤੀ ਜਾ ਰਹੀ ਹੈ।