ਸਕਾਟਲੈਂਡ: ਐਡਿਨਬਰਾ ‘ਚ 2024 ਤੋਂ ਲਾਗੂ ਹੋਵੇਗਾ ਲੋਅ ਇਮੀਸ਼ਨ ਜ਼ੋਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਵਧ ਰਹੀ ਪ੍ਰਦੂਸ਼ਣ ਦੀ ਮਾਤਰਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਐਡਿਨਬਰਾ ਦੇ ਸਿਟੀ ਸੈਂਟਰ ਵਿੱਚ ਲੋਅ ਇਮੀਸ਼ਨ ਜ਼ੋਨ (ਐਲ ਈ ਜ਼ੈਡ) ਨੂੰ 2024 ਵਿੱਚ ਲਾਗੂ ਕੀਤਾ ਜਾਵੇਗਾ, ਜਦਕਿ ਇਹ ਯੋਜਨਾ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੀ ਹੈ। ਐਲ ਈ ਜ਼ੈਡ ਯੋਜਨਾ ਦੇ ਤਹਿਤ ਪੁਰਾਣੇ ਅਤੇ ਵਧੇਰੇ ਪ੍ਰਦੂਸ਼ਿਤ ਵਾਹਨਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲੱਗੇਗੀ ਜਿਸ ਨਾਲ ਹਵਾ ਦੀ ਗੁਣਵੱਤ ਵਿੱਚ ਸੁਧਾਰ ਹੋਵੇਗਾ। ਐਡਿਨਬਰਾ ਸਿਟੀ ਕੌਂਸਲ ਨੇ ਸਭ ਤੋਂ ਪਹਿਲਾਂ ਸਾਲ 2019 ਵਿੱਚ ਇਸ ਯੋਜਨਾ ਦਾ ਪ੍ਰਸਤਾਵ ਦਿੱਤਾ ਸੀ ਅਤੇ ਇਸਦੀ ਟਰਾਂਸਪੋਰਟ ਕਮੇਟੀ ਅਗਲੇ ਹਫਤੇ ਇਸ ਉੱਤੇ ਵਿਚਾਰ ਕਰੇਗੀ। ਜੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਐਲ ਈ ਜ਼ੈਡ ਸਕੀਮ 2022 ਵਿੱਚ ਸ਼ੁਰੂ ਹੋਣ ਤੋਂ ਪਹਿਲਾਂ 12 ਹਫ਼ਤੇ ਦੀ ਸਲਾਹ-ਮਸ਼ਵਰੇ ‘ਤੇ ਜਾਵੇਗੀ।

ਇਸ ਯੋਜਨਾ ਵਿੱਚ ਨੰਬਰ ਪਲੇਟ ਪ੍ਰਣਾਲੀ ਦੁਆਰਾ ਜੁਰਮਾਨੇ ਲਾਗੂ ਕਰਨ ਤੋਂ ਪਹਿਲਾਂ ਦੋ ਸਾਲਾਂ ਦਾ ਗ੍ਰੇਸ ਪੀਰੀਅਡ ਹੋਵੇਗਾ ਅਤੇ ਵਾਤਾਵਰਣ ਪ੍ਰਤੀ ਗੈਰ-ਅਨੁਕੂਲ ਵਾਹਨਾਂ ਨੂੰ ਐਲ ਈ ਜ਼ੈਡ ਵਿੱਚ ਦਾਖਲ ਹੋਣ ‘ਤੇ 60 ਪੌਂਡ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਜੁਰਮਾਨੇ ਦੀ ਕੀਮਤ  30 ਦਿਨਾਂ ਵਿੱਚ ਅਦਾ ਕੀਤੀ ਕਰਨ ‘ਤੇ ਅੱਧੀ ਹੋ ਜਾਵੇਗੀ। ਇਸਦੇ ਨਾਲ ਹੀ ਪੈਟਰੋਲ ਵਾਹਨਾਂ ਨੂੰ  ਯੂਰੋ 4 ਸਟੈਂਡਰਡ ਨੂੰ ਪੂਰਾ ਕਰਨਾ ਹੋਵੇਗਾ ਅਤੇ ਜਨਵਰੀ 2006 ਤੋਂ ਬਾਅਦ ਵਿਕਣ ਵਾਲੀਆਂ ਕਾਰਾਂ ਦੀ ਆਗਿਆ ਹੋਵੇਗੀ। ਜਦਕਿ ਡੀਜ਼ਲ ਵਾਹਨਾਂ ਨੂੰ ਯੂਰੋ 6 ਦੇ ਮਿਆਰ ਨੂੰ ਪੂਰਾ ਕਰਨਾ ਲਾਜ਼ਮੀ ਹੈ, ਜੋ ਕਿ ਆਮ ਤੌਰ ‘ਤੇ ਸਤੰਬਰ 2015 ਤੋਂ ਬਾਅਦ ਵੇਚੇ ਗਏ ਵਾਹਨ ਹੁੰਦੇ ਹਨ। ਕੌਂਸਲ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਦੋ ਸਾਲਾਂ ਗ੍ਰੇਸ ਪੀਰੀਅਡ ਨਿੱਜੀ ਵਾਹਨਾਂ ਦੇ ਮਾਲਕਾਂ ਨੂੰ ਇਸ ਵਿੱਚ ਤਬਦੀਲੀਆਂ ਕਰਨ ਦੀ ਜ਼ਰੂਰਤ ਬਾਰੇ ਸੋਚਣ ਦਾ ਮੌਕਾ ਦੇਵੇਗਾ।

Share This :

Leave a Reply