ਸਕਾਟਲੈਂਡ : ਕੋਰੋਨਾ ਮਾਮਲਿਆਂ ‘ਚ ਮੁੜ ਵਾਧੇ ਦਰਮਿਆਨ ਹਸਪਤਾਲਾਂ ਨੇ ਲਿਆ ਇਹ ਫ਼ੈਸਲਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਤੀਜੀ ਲਹਿਰ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ । ਸਕਾਟਲੈਂਡ ਦੇ ਕੁੱਝ ਹਸਪਤਾਲ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਸਾਹਮਣਾ ਕਰਨ ਕਰਕੇ ਸਿਹਤ ਸਹੂਲਤਾਂ ਦੀ ਆਪਣੀ ਸਮਰੱਥਾ ਤੱਕ ਪਹੁੰਚ ਰਹੇ ਹਨ। ਇਸ ਦੇ ਸਿੱਟੇ ਵਜੋਂ ਗੈਰ-ਜ਼ਰੂਰੀ ਇਲਾਜਾਂ ਨੂੰ ਕੈਂਸਲ ਕਰਕੇ ਅੱਗੇ ਵਧਾਇਆ ਜਾ ਰਿਹਾ ਹੈ। ਐੱਨ. ਐੱਚ. ਐੱਸ. ਗ੍ਰੈਮਪੀਅਨ ਹੈਲਥ ਬੋਰਡ ਖੇਤਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਦੋ ਹਸਪਤਾਲ ਆਪਣੀ ਸਮਰੱਥਾ ਦੇ ਸਿਖਰ ‘ਤੇ ਪਹੁੰਚ ਗਏ ਹਨ, ਜਿਨ੍ਹਾਂ ਵਿੱਚ ਐਬਰਡੀਨ ਰਾਇਲ ਇਨਫਰਮਰੀ (ਏ. ਆਰ. ਆਈ.) ਅਤੇ ਐਲਗਿਨ ਵਿੱਚ ਡਾ. ਗ੍ਰੇ ਹਸਪਤਾਲ ਸ਼ਾਮਲ ਹਨ।

ਇਨ੍ਹਾਂ ਦੋਵਾਂ ਹਸਪਤਾਲਾਂ ਨੇ ‘ਕੋਡ ਬਲੈਕ’ ਸਥਿਤੀ ਲਾਗੂ ਕੀਤੀ ਹੈ, ਜਿਸ ਦਾ ਭਾਵ ਇਹ ਹਸਪਤਾਲ ਮਰੀਜਾਂ ਨਾਲ ਭਰੇ ਹੋਏ ਹਨ। ਇਸ ਦੇ ਨਾਲ ਹੀ ਦੋਵਾਂ ਹਸਪਤਾਲਾਂ ਵਿਚ ਗੈਰ-ਜ਼ਰੂਰੀ ਇਲਾਜ ਪ੍ਰਕਿਰਿਆਵਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਐੱਨ. ਐੱਚ. ਐੱਸ. ਗ੍ਰੈਮਪੀਅਨ ਹਾਲ ਹੀ ਦੇ ਦਿਨਾਂ ਵਿੱਚ ਜ਼ਿਆਦਾ ਕੋਰੋਨਾ ਮਾਮਲਿਆਂ ਕਾਰਨ ਅਜਿਹਾ ਕਰਨ ਵਾਲਾ ਤੀਜਾ ਸਕਾਟਿਸ਼ ਹੈਲਥ ਬੋਰਡ ਹੈ।

ਐੱਨ. ਐੱਚ. ਐੱਸ. ਲਾਨਾਰਕਸ਼ਾਇਰ ਨੇ ਵੀ ਮੰਗਲਵਾਰ ਸਟਾਫ ਨੂੰ ਇਹ ਐਲਾਨ ਕਰਨ ਲਈ ਕਿਹਾ ਸੀ ਕਿ ਉਹ ਵਾਇਰਸ ਦੇ ਕੇਸਾਂ ਕਾਰਨ ਹੋਰ ਇਲਾਜਾਂ ਨੂੰ ਮੁਲਤਵੀ ਕਰ ਰਹੇ ਹਨ। ਸਕਾਟਲੈਂਡ ਦੇ ਸਿਹਤ ਬੋਰਡਾਂ ਦੇ ਅਧਿਕਾਰੀਆਂ ਅਨੁਸਾਰ ਇਸ ਸਥਿਤੀ ਨਾਲ ਨਜਿੱਠਣ ਲਈ ਗੋਲਡ ਕਮਾਂਡ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪੰਜ ਮੌਤਾਂ ਅਤੇ ਕੋਰੋਨਾ ਵਾਇਰਸ ਦੇ 3799 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਹਸਪਤਾਲਾਂ ‘ਤੇ ਦਬਾਅ ਵਧ ਰਿਹਾ ਹੈ। ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਕੁੱਲ 387 ਲੋਕ ਹਸਪਤਾਲ ਵਿੱਚ ਸਨ, ਜਿਨ੍ਹਾਂ ਵਿੱਚੋਂ 34 ਮਰੀਜ਼ ਗੰਭੀਰ ਦੇਖਭਾਲ ਵਿੱਚ ਸਨ।

Share This :

Leave a Reply