ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਸਰਕਾਰ ਵੱਲੋਂ ਅਗਲੇ ਸਾਲ 22 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਇਸ ਸਬੰਧੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਕਾਟਲੈਂਡ ਵਿੱਚ ਇਸ ਉਮਰ ਸੀਮਾ ਦੇ ਹਰੇਕ ਹਰੇਕ ਵਿਅਕਤੀ ਲਈ ਮੁਫਤ ਬੱਸ ਯਾਤਰਾ 31 ਜਨਵਰੀ 2022 ਨੂੰ ਸ਼ੁਰੂ ਹੋਵੇਗੀ। ਸਕਾਟਲੈਂਡ ਨੇ ਮੁਫਤ ਕਿਰਾਏ ਦੀ ਸ਼ੁਰੂਆਤ ਲਈ ਸਮਾਂ ਸਾਰਣੀ ਤਹਿ ਕੀਤੀ ਹੈ, ਜਿਸ ਵਿੱਚ ਲਗਭਗ 930,000 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸਕਾਟਲੈਂਡ ਦੀ ਆਬਾਦੀ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਪਹਿਲਾਂ ਹੀ ਬਜ਼ੁਰਗ ਅਤੇ ਅਪਾਹਜ ਲੋਕ ਯੋਜਨਾਵਾਂ ਤਹਿਤ ਮੁਫਤ ਬੱਸ ਯਾਤਰਾ ਦੇ ਹੱਕਦਾਰ ਹਨ। ਇਸ ਯੋਜਨਾ ਤਹਿਤ ਤਬਦੀਲੀਆਂ ਲਿਆਉਣ ਲਈ ਇਸ ਕਾਨੂੰਨ ਉੱਤੇ ਗਰਮੀਆਂ ਦੇ ਅਖੀਰ ਵਿੱਚ ਸਕਾਟਲੈਂਡ ਦੀ ਸੰਸਦ ਵਿੱਚ ਬਹਿਸ ਵੀ ਕੀਤੀ ਜਾਵੇਗੀ।
ਸਕਾਟਲੈਂਡ ਦੇ ਟ੍ਰਾਂਸਪੋਰਟ ਮੰਤਰੀ ਗ੍ਰੇਮ ਡੇ ਅਨੁਸਾਰ ਇਸ ਯੋਜਨਾ ਤਹਿਤ 2030 ਤੱਕ ਕਾਰ ਦੁਆਰਾ ਕੀਤੀ ਜਾਣ ਵਾਲੀ ਯਾਤਰਾ ਦੀ ਸੰਖਿਆ ਨੂੰ 20% ਘਟਾਇਆ ਜਾ ਸਕਦਾ ਹੈ ਅਤੇ 2045 ਤੱਕ ਨੈਟ ਜ਼ੀਰੋ ਨਿਕਾਸ ਤੱਕ ਪਹੁੰਚਣ ਦੇ ਟੀਚੇ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਡਰ -19 ਦੇ ਲਈ ਫਰੀ ਬੱਸ ਯੋਜਨਾ ਇਸ ਸਾਲ ਸ਼ੁਰੂ ਕੀਤੀ ਜਾਣੀ ਸੀ, ਪਰ ਕੋਵਿਡ ਮਹਾਂਮਾਰੀ ਅਤੇ ਰਿਆਇਤੀ ਕਾਰਡਾਂ ਲਈ ਸਿਲੀਕਾਨ ਦੀ ਘਾਟ ਕਾਰਨ ਇਸ ਵਿੱਚ ਦੇਰੀ ਹੋਈ ਅਤੇ ਇਸ ਯੋਜਨਾ ਨੂੰ ਅੰਡਰ -22 ਤੱਕ ਵਧਾਉਣਾ ਮਾਰਚ ਵਿੱਚ ਹੋਏ ਇੱਕ ਬਜਟ ਸਮਝੌਤੇ ਦਾ ਹਿੱਸਾ ਸੀ।