ਸਕਾਟਲੈਂਡ: ਕੋਰੋਨਾ ਤਾਲਾਬੰਦੀ ਕਾਰਨ ਇੰਟਰਨੈੱਟ ਅਪਰਾਧਾਂ ਵਿੱਚ ਹੋਇਆ ਵਾਧਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਜਿੱਥੇ ਹੋਰ ਅਪਰਾਧਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਸਾਈਬਰ ਅਪਰਾਧ ਜਿਸ ਵਿੱਚ ਆਨਲਾਈਨ ਧੋਖਾਧੜੀ ਆਦਿ ਸ਼ਾਮਲ ਹੈ, ਪਿਛਲੇ ਸਾਲ ਲਗਭਗ ਦੁੱਗਣੇ ਹੋ ਗਏ ਹਨ। ਸਕਾਟਲੈਂਡ ਵਿੱਚ ਪੁਲਿਸ ਨੂੰ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦੇ ਸਾਲਾਨਾ ਅੰਕੜਿਆਂ ਵਿੱਚ ਇਹ ਵੇਰਵੇ ਸਾਹਮਣੇ ਆਏ ਹਨ।

ਅੰਕੜਿਆਂ ਅਨੁਸਾਰ 2020-21 ਵਿੱਚ ਕੁੱਲ 246,511ਅਪਰਾਧ ਦਰਜ ਕੀਤੇ ਗਏ। ਅਪ੍ਰੈਲ 2020 ਤੋਂ ਮਾਰਚ 2021 ਤੱਕ ਚੱਲਣ ਵਾਲੇ 2020-21 ਦੇ ਅੰਕੜਿਆਂ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਕਾਨੂੰਨਾਂ ਅਧੀਨ ਦਰਜ 20,976 ਅਪਰਾਧ ਸ਼ਾਮਲ ਹਨ, ਪਰ ਹੋਰ ਸਾਰੇ ਅਪਰਾਧ ਸਮੂਹਿਕ ਤੌਰ ‘ਤੇ ਅੱਠ ਫੀਸਦੀ ਘੱਟ ਹੋਏ ਹਨ। ਹਾਲਾਂਕਿ, 2020-21 ਵਿੱਚ ਸਕਾਟਲੈਂਡ ਪੁਲਿਸ ਦੁਆਰਾ ਅੰਦਾਜ਼ਨ 14,130 ਸਾਈਬਰ ਅਪਰਾਧ ਦਰਜ ਕੀਤੇ ਗਏ ਜੋ ਕਿ 2019-20 ਵਿੱਚ ਦਰਜ ਹੋਏ 7,240 ਦੇ ਮੁਕਾਬਲੇ 95 ਪ੍ਰਤੀਸ਼ਤ ਵੱਧ ਹਨ। ਰਿਪੋਰਟ ਅਨੁਸਾਰ ਅੰਦਾਜ਼ਨ 730 ਸਾਈਬਰ ਕਰਾਈਮ ਧਮਕੀਆਂ ਅਤੇ ਜਬਰਦਸਤੀ ਸਬੰਧੀ ਸਨ, ਜੋ ਕਿ ਇੱਕ ਸਾਲ ਵਿੱਚ 152 ਫੀਸਦੀ ਵਧੇ ਹਨ।

ਇਸਦੇ ਨਾਲ ਹੀ ਅੰਦਾਜ਼ਨ 360 ਸਾਈਬਰ ਅਪਰਾਧ ਘਰੇਲੂ ਦੁਰਵਿਵਹਾਰ (ਸਕਾਟਲੈਂਡ) ਐਕਟ ਦੇ ਅਧੀਨ ਸਨ। ਸਾਈਬਰ ਕਰਾਈਮ ਵਿੱਚ ਵਾਧੇ ਦੇ ਬਾਵਜੂਦ ਹੋਰ ਆਪਰਾਧਾਂ ਵਿੱਚ ਗਿਰਾਵਟ ਆਈ ਹੈ, ਜਿਸਦੇ ਤਹਿਤ ਹੱਤਿਆਵਾਂ 17 ਪ੍ਰਤੀਸ਼ਤ ਘੱਟ ਕੇ 100, ਹੱਤਿਆਵਾਂ ਅਤੇ ਗੰਭੀਰ ਹਮਲਿਆਂ ਦੀ ਕੋਸ਼ਿਸ਼ 14 ਪ੍ਰਤੀਸ਼ਤ ਘਟ ਕੇ 3,511, ਲੁੱਟ -ਖਸੁੱਟ ਚਾਰ ਪ੍ਰਤੀਸ਼ਤ ਘਟ ਕੇ 1,673 ਅਤੇ ਘਰੇਲੂ ਬਦਸਲੂਕੀ ਦੇ ਵਿਸ਼ੇਸ਼ ਅਪਰਾਧ ਦੋ ਪ੍ਰਤੀਸ਼ਤ ਘਟ ਕੇ 1,641 ਰਹਿ ਗਏ ਹਨ।

ਇਹਨਾਂ ਦੇ ਨਾਲ ਹੀ ਬਲਾਤਕਾਰ ਅਤੇ ਬਲਾਤਕਾਰ ਦੀ ਕੋਸ਼ਿਸ਼ ਦੋ ਫੀਸਦੀ ਘੱਟ ਕੇ 2,298, ਜਿਨਸੀ ਹਮਲੇ 16 ਫੀਸਦੀ ਘੱਟ ਕੇ 4,154 ਅਤੇ ਵੇਸ਼ਵਾਗਿਰੀ ਨਾਲ ਜੁੜੇ ਅਪਰਾਧ 45 ਫੀਸਦੀ ਘੱਟ ਕੇ 56 ਦਰਜ ਹੋਏ ਹਨ। ਇਸ ਸਬੰਧੀ ਰਿਪੋਰਟ ਵਿੱਚ ਹਾਊਸ ਬ੍ਰੇਕਿੰਗ 25 ਫੀਸਦੀ ਘੱਟ ਕੇ 9,706, ਕਾਰ ਚੋਰੀ 14 ਫੀਸਦੀ ਘੱਟ ਕੇ 4,311 ਅਤੇ ਦੁਕਾਨਾਂ ਤੋਂ ਸਮਾਨ ਚੋਰੀ 33 ਫੀਸਦੀ ਘੱਟ ਕੇ 20,557 ਦਰਜ ਹੋਈ ਹੈ, ਜਦਕਿ ਅੱਗ ਲਾਉਣ ਅਤੇ ਭੰਨ-ਤੋੜ 10 ਫੀਸਦੀ ਦੀ ਗਿਰਾਵਟ ਨਾਲ 42,964 ਤੇ ਡਰੱਗਜ਼ ਅਪਰਾਧ 35,410 ਦੇ ਪੱਧਰ ‘ਤੇ ਰਹੇ ਹਨ। ਇਹਨਾਂ ਦੇ ਇਲਾਵਾ ਕਈ ਹੋਰ ਅਪਰਾਧਿਕ ਖੇਤਰ ਵੀ ਹਨ, ਜਿਹਨਾਂ ਵਿੱਚ ਤਾਲਾਬੰਦੀ ਦੌਰਾਨ ਗਿਰਾਵਟ ਆਈ ਹੈ

Share This :

Leave a Reply