ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਨਾਲ ਕੋਰੋਨਾ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਕਾਟਲੈਂਡ ਵਿਚਲੇ ਕੋਰੋਨਾ ਮੌਤਾਂ ਸਬੰਧੀ ਅੰਕੜਿਆਂ ਦੇ ਅਨੁਸਾਰ ਪਿਛਲੇ ਹਫਤੇ ਦੌਰਾਨ ਵਾਇਰਸ ਕਾਰਨ ਤਕਰੀਬਨ 47 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਿਸ ਕਾਰਨ ਮੌਤ ਦੇ ਸਰਟੀਫਿਕੇਟ ਉੱਤੇ ਕੋਵਿਡ -19 ਦੇ ਜ਼ਿਕਰ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਲੱਗਭਗ 10,268 ਤੱਕ ਪਹੁੰਚ ਗਈ ਹੈ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ (ਐੱਨ ਆਰ ਐੱਸ) ਨੇ ਜਾਣਕਾਰੀ ਦਿੱਤੀ ਕਿ 12 ਤੋਂ 18 ਜੁਲਾਈ ਦੇ ਹਫਤੇ ਵਿਚਕਾਰ ਕੋਰੋਨਾ ਵਾਇਰਸ ਨਾਲ ਜੁੜੀਆਂ 47 ਮੌਤਾਂ ਦਰਜ ਹੋਈਆਂ ਹਨ, ਜੋ ਕਿ ਪਿਛਲੇ ਹਫ਼ਤੇ ਨਾਲੋਂ 16 ਵੱਧ ਹਨ। ਅੰਕੜਿਆਂ ਅਨੁਸਾਰ ਗਲਾਸਗੋ ਸਿਟੀ ਵਿੱਚ 11, ਐਡੀਨਬਰਾ ਸਿਟੀ ਵਿੱਚ 6, ਡੰਡੀ ‘ਚ ਪੰਜ ਅਤੇ 19 ਕੌਂਸਲ ਖੇਤਰਾਂ ਵਿੱਚ ਘੱਟੋ ਘੱਟ ਇੱਕ ਮੌਤ ਦਰਜ ਹੋਈ ਹੈ।
ਇਸਦੇ ਇਲਾਵਾ 11 ਮੌਤਾਂ 65 ਸਾਲ ਤੋਂ ਘੱਟ ਉਮਰ ਦੀਆਂ ਸਨ, ਸੱਤ ਲੋਕਾਂ ਦੀ ਉਮਰ 65 ਤੋਂ 74 ਸਾਲ ਦੀ ਸੀ ਅਤੇ 75 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ 29 ਮੌਤਾਂ ਹੋਈਆਂ ਸਨ। ਜਦਕਿ ਮਰਨ ਵਾਲਿਆਂ ਵਿੱਚ 27 ਮਰਦ ਅਤੇ 20 ਔਰਤਾਂ ਸਨ। ਸਿਹਤ ਵਿਭਾਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿੱਚੋਂ 38 ਮੌਤਾਂ ਹਸਪਤਾਲਾਂ ਵਿੱਚ, ਚਾਰ ਮੌਤਾਂ ਕੇਅਰ ਹੋਮਜ਼ ਵਿੱਚ , ਚਾਰ ਮੌਤਾਂ ਘਰਾਂ ਅਤੇ ਇੱਕ ਹੋਰ ਮੌਤ ਕਿਸੇ ਸੰਸਥਾ ਵਿੱਚ ਹੋਈ। ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਨਾਲ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।