ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਸਰਕਾਰ ਦੁਆਰਾ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ ਦੀ ਤਨਖਾਹ ਵਿੱਚ 3% ਦਾ ਵਾਧਾ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਸਕਾਟਿਸ਼ ਸਰਕਾਰ ਨੇ ਦੱਸਿਆ ਕਿ ਇਹ ਵਾਧਾ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੀਤੇ ਗਏ ਯਤਨਾਂ ਦੇ ਮਾਣ ਵਜੋਂ ਦਿੱਤਾ ਗਿਆ ਹੈ। ਇਸ ਵਾਧੇ ਨਾਲ ਸਕਾਟਲੈਂਡ ਦੇ ਕਰਮਚਾਰੀ ਯੂਕੇ ਭਰ ਵਿੱਚੋਂ ਸਭ ਤੋਂ ਵਧੇਰੇ ਤਨਖਾਹ ਲੈਣ ਵਾਲਿਆਂ ‘ਚ ਸ਼ੁਮਾਰ ਹੋਏ ਹਨ। ਤਨਖਾਹ ਵਿੱਚ ਕੀਤਾ ਗਿਆ ਇਹ ਵਾਧਾ 1 ਅਪ੍ਰੈਲ 2021 ਤੋਂ ਮਿਲਣਯੋਗ ਹੋਵੇਗਾ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਤਨਖਾਹ ਵਿੱਚ ਇਹ ਵਾਧਾ ਪੁਰਸਕਾਰ ਸਾਰੇ ਐੱਨ ਐੱਚ ਐੱਸ ਕਰਮਚਾਰੀਆਂ ਲਈ ਮਹਾਂਮਾਰੀ ਦੌਰਾਨ ਕੀਤੀ ਸੇਵਾ ਲਈ ਸਨਮਾਨ ਹੈ ਅਤੇ ਇਹ ਡਾਕਟਰਾਂ ਅਤੇ ਦੰਦਾਂ ਦੇ ਸਟਾਫ ਦੀ ਨਿਰੰਤਰ ਸਖਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਇਸ ਵਾਧੇ ਨਾਲ ਸਕਾਟਲੈਂਡ ਦੇ ਸੀਨੀਅਰ ਮੈਡੀਕਲ ਸਟਾਫ ਨੂੰ ਯੂਕੇ ਵਿੱਚ ਸਭ ਤੋਂ ਵਧੀਆ ਤਨਖਾਹ ਮਿਲਦੀ ਰਹੇਗੀ।
ਸਕਾਟਲੈਂਡ ਦੁਆਰਾ ਕੀਤੇ ਇਸ 3% ਤਨਖਾਹ ਵਾਧੇ ਵਿੱਚ ਐੱਨ ਐੱਚ ਐੱਸ ਸਕਾਟਲੈਂਡ ਦੇ ਮੈਡੀਕਲ ਅਤੇ ਡੈਂਟਲ ਸਟਾਫ, ਜਨਰਲ ਮੈਡੀਕਲ ਪ੍ਰੈਕਟੀਸ਼ਨਰ ਅਤੇ ਜਨਰਲ ਦੰਦਾਂ ਦੇ ਪ੍ਰੈਕਟੀਸ਼ਨਰ ਸ਼ਾਮਲ ਹਨ। ਇਹ ਨੌਕਰੀਆਂ ਪਹਿਲਾਂ ਦੇ ਏਜੰਡੇ ਅਧੀਨ ਨਹੀਂ ਆਈਆਂ ਸਨ, ਜਿਸ ਵਿੱਚ ਸਟਾਫ ਨੂੰ ਘੱਟੋ ਘੱਟ 4%ਦੀ ਪੇਸ਼ਕਸ਼ ਕੀਤੀ ਗਈ ਸੀ। ਸਰਕਾਰ ਦੁਆਰਾ ਮਾਰਚ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ ਨਰਸਾਂ, ਪੈਰਾ ਮੈਡੀਕਲ ਅਤੇ ਘਰੇਲੂ ਸਟਾਫ ਉਨ੍ਹਾਂ ਕਰਮਚਾਰੀਆਂ ਵਿੱਚ ਸਨ ਜੋ ਆਪਣੀ ਤਨਖਾਹ ਵਿੱਚ ਵਾਧਾ ਪ੍ਰਾਪਤ ਕਰ ਸਕਦੇ ਹਨ। ਇਸਦੇ ਇਲਾਵਾ ਸਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਲਈ 500 ਪੌਂਡ ਦਾ “ਧੰਨਵਾਦ” ਭੁਗਤਾਨ ਵੀ ਕੀਤਾ ਗਿਆ ਸੀ, ਜਿਸਦੀ ਘੋਸ਼ਣਾ ਨਵੰਬਰ ਵਿੱਚ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਕੀਤੀ ਗਈ ਸੀ।