ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਨਾਗਰਿਕਾਂ ਦੇ ਘਰਾਂ, ਕਾਰੋਬਾਰਾਂ ਆਦਿ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਸੁਰੱਖਿਆ ਪ੍ਰਦਾਨ ਕਰਦੇ ਹਨ। ਪਰ ਇਸ ਸਬੰਧੀ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ (ਐੱਸ ਐੱਫ ਆਰ ਐੱਸ) ਦੇ ਅੰਕੜਿਆਂ ਅਨੁਸਾਰ ਹਰ ਸਾਲ ਅੱਗ ਬੁਝਾਊ ਕਾਮਿਆਂ ਦੇ ਲਗਭਗ 64,000 ਘੰਟੇ ਅੱਗ ਲੱਗਣ ਦੀਆਂ ਗਲਤ ਸੂਚਨਾਵਾਂ ਨਾਲ ਸਬੰਧਿਤ ਸਥਾਨਾਂ ‘ਤੇ ਜਾਣ ਕਾਰਨ ਖਰਾਬ ਹੁੰਦੇ ਹਨ। ਅੰਕੜਿਆਂ ਅਨੁਸਾਰ ਸਕਾਟਿਸ਼ ਫਾਇਰ ਵਿਭਾਗ ਹਰ ਸਾਲ ਤਕਰੀਬਨ 28,479 ਝੂਠੇ ਫਾਇਰ ਅਲਾਰਮਾਂ ਵਿੱਚੋਂ ਹਰੇਕ ਲਈ ਦੋ ਫਾਇਰ ਵਾਹਨ ਅਤੇ 9 ਫਾਇਰ ਫਾਈਟਰਾਂ ਨੂੰ ਭੇਜਦਾ ਹੈ ਅਤੇ ਇਹ ਲਗਭਗ 57,000 ਬੇਲੋੜੀਆਂ ਯਾਤਰਾਵਾਂ ਦੇ ਬਰਾਬਰ ਹੈ। ਅੱਗ ਲੱਗਣ ਦੇ ਜਿਆਦਾਤਰ ਅਲਾਰਮ ਕਿਸੇ ਨੁਕਸ ਜਾਂ ਹੋਰ ਕਾਰਨਾਂ ਕਰਕੇ ਵਜਦੇ ਹਨ ਜਿਵੇਂ ਕਿ ਭਾਫ ਜਾਂ ਸੜਿਆ ਭੋਜਨ।
ਇਹਨਾਂ ਵਿੱਚੋਂ ਸਿਰਫ ਦੋ ਪ੍ਰਤੀਸ਼ਤ ਅਸਲ ਵਿੱਚ ਅੱਗ ਨਾਲ ਜੁੜੇ ਹੁੰਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਅਮਲੇ ਦੇ ਆਉਣ ਤੋਂ ਪਹਿਲਾਂ ਹੀ ਸੁਲਝ ਜਾਂਦੇ ਹਨ। ਫਾਇਰ ਵਿਭਾਗ ਦੇ ਅਧਿਕਾਰੀ ਸਟੂਅਰਟ ਸਟੀਵਨਜ਼ ਅਨੁਸਾਰ ਕਾਰੋਬਾਰ ਅਤੇ ਨਾਗਰਿਕ ਇਨ੍ਹਾਂ ਅੰਕੜਿਆਂ ਨੂੰ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ, ਜਿਸ ਲਈ ਉਨ੍ਹਾਂ ਨੂੰ ਸਲਾਹ -ਮਸ਼ਵਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।ਸਟੁਅਰਟ ਅਨੁਸਾਰ ਕਾਰਜ ਸਥਾਨਾਂ ਤੋਂ ਝੂਠੇ ਫਾਇਰ ਅਲਾਰਮ ਦੀ ਜਾਂਚ ਕਰਨ ਲਈ ਹਰ ਸਾਲ ਲਗਭਗ 64,000 ਘੰਟਿਆਂ ਦਾ ਸਮਾਂ ਫਾਇਰ ਫਾਈਟਰਜ਼ ਦੁਆਰਾ ਬਿਤਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਯਾਤਰਾ ਦੌਰਾਨ ਅੰਦਾਜ਼ਨ 575 ਟਨ ਕਾਰਬਨ ਨਿਕਾਸ ਦਾ ਉਤਪਾਦਨ ਵੀ ਹੁੰਦਾ ਹੈ।






















