ਪੰਜਾਬ ‘ਚ 25 ਤੱਕ ਬੰਦ ਰਹਿਣਗੇ ਸਕੂਲ-ਕਾਲਜ, ਕੋਰੋਨਾ ਦੀ ਤੀਜੀ ਲਹਿਰ ‘ਚ ਪਹਿਲੀ ਵਾਰ 24 ਘੰਟਿਆਂ ‘ਚ 22 ਮੌਤਾਂ

ਚੰਡੀਗੜ, ਮੀਡੀਆ ਬਿਊਰੋ:

ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਦੌਰਾਨ ਸ਼ਨਿਚਰਵਾਰ ਨੂੰ ਪਹਿਲੀ ਵਾਰ ਇਕ ਦਿਨ ‘ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 6883 ਨਵੇਂ ਮਾਮਲੇ ਸਾਹਮਣੇ ਆਏ ਹਨ। ਵਧਦੇ ਸੰਕਰਮਣ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਵੱਲੋਂ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ 25 ਜਨਵਰੀ ਤਕ ਵਧਾ ਦਿੱਤਾ ਗਿਆ ਹੈ। ਸੂਬੇ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਰਹੇਗਾ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਸਿੱਖਿਆ ਜਾਰੀ ਰਹੇਗੀ। ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਕੰਮ ਕਰਨਗੇ।

ਸਮਾਗਮਾਂ ਦੀ ਲਿਮਟ ਇਨਡੋਰ ‘ਚ 50 ਲੋਕ ਤੇ ਆਉਟਡੋਰ ‘ਚ 100 ਲੋਕ ਮੌਜੂਦ ਹੋ ਸਕਦੇ ਹਨ। ਸਾਰਿਆਂ ਨੂੰ ਕੋਵਿਡ ਪ੍ਰੋਟੋਕਾਲ ਨੂੰ ਫਾਲੋ ਕਰਨਾ ਪਵੇਗਾ। ਇਸ ਦੇ ਨਾਲ ਹੀ ਜਨਤਕ ਥਾਵਾਂ, ਮੰਡੀਆਂ, ਬਾਜ਼ਾਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮਾਸਕ ਨਾ ਪਾਉਣ ਵਾਲਿਆਂ ਨੂੰ ਦਫ਼ਤਰ ਵਿੱਚ ਕੋਈ ਸਹੂਲਤ ਨਹੀਂ ਮਿਲੇਗੀ। ਦੋਵੇਂ ਡੋਜ਼ ਲੈਣ ਵਾਲੇ ਮੁਲਾਜ਼ਮ ਹੀ ਸਰਕਾਰੀ ਤੇ ਨਿੱਜੀ ਦਫਤਰਾਂ, ਫੈਕਟਰੀਆਂ ਅਤੇ ਉਦਯੋਗਾਂ ਵਿੱਚ ਕੰਮ ਕਰ ਸਕਣਗੇ। ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬ ਘਰ, ਚਿੜੀਆਘਰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਪਰ ਇੱਥੇ ਆਉਣ ਵਾਲੇ ਅਤੇ ਇੱਥੇ ਕੰਮ ਕਰਨ ਵਾਲਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

Share This :

Leave a Reply