ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੀਆਂ ਰੋਡਵੇਜ਼ ਦੀਆਂ ਬੱਸਾਂ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ 16 ਮਾਰਚ ਨੂੰ ਖਟਕੜ੍ਹ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਲੋਕਾਂ ਨੂੰ ਲਿਜਾਣ ਲਈ ਰੋਡਵੇਜ਼ ਦੀਆਂ ਬੱਸਾਂ ਭੇਜਣ ਦਾ ਫ਼ੈਸਲਾ ਸਰਕਾਰ ਨੇ ਵਾਪਸ ਲੈ ਲਿਆ ਹੈ। ਐਤਵਾਰ ਨੂੰ ਭਗਵੰਤ ਮਾਨ ਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਸਾਹਿਬ ਵਿਖੇ ਕੱਢੇ ਰੋਡ ਸ਼ੋਅ ਵਿਚ ਵੱਡਾ ਇਕੱਠ ਕਰਨ ਲਈ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਵੱਖ-ਵੱਖ ਡਿਪੂਆਂ ਤੋਂ ਸੈਂਕੜੇ ਬੱਸਾਂ ਭੇਜੀਆਂ ਗਈਆਂ ਸਨ।

ਕੇਜਰੀਵਾਲ ਤੇ ਭਗਵੰਤ ਮਾਨ ਦੇ ਇਸ ਸਮਾਗਮ ਵਿਚ ਪਿੰਡਾਂ ਤੇ ਸ਼ਹਿਰਾਂ ’ਚੋਂ ਵਲੰਟੀਅਰਜ਼ ਲਿਆਉਣ ਲਈ ਸਰਕਾਰੀ ਬੱਸਾਂ ਦੀ ਵਰਤੋਂ ਕਰਨ ਦਾ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਨੋਟਿਸ ਲੈਂਦੇ ਹੋਏ ‘ਆਪ’ ਨੂੰ ਨਿਸ਼ਾਨੇ ’ਤੇ ਲਿਆ ਸੀ। ਵੜਿੰਗ ਤੇ ਖਹਿਰਾ ਨੇ ‘ਆਪ’ ਲੀਡਰਸ਼ਿਪ ’ਤੇ ਨਿਸ਼ਾਨੇ ਤੋਂ ਭਟਕਣ ਅਤੇ ਸਰਕਾਰੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ‘ਆਪ’ ਤੋਂ ਵੱਖਰੇ ਢੰਗ ਨਾਲ ਕੰਮ ਕਰਨ ਦੀ ਉਮੀਦ ਸੀ, ਪਰ ‘ਆਪ’ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਰਵਾਇਤੀ ਪਾਰਟੀ ਨਾਲੋਂ ਵੱਖ ਨਹੀਂ।

ਖਹਿਰਾ ਨੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋ ਕਰਨ ਦੀ ਗੱਲ ਕਰਦਿਆਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਖਜ਼ਾਨੇ ਵਿਚ ਰਾਸ਼ੀ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਸੀ। ਸਰਕਾਰੀ ਬੱਸਾਂ ਨੂੰ ਅੰਮ੍ਰਿਤਸਰ ਰੋਡ ਸ਼ੋਅ ਵਿਚ ਭੇਜੇ ਜਾਣ ’ਤੇ ਸੂਬੇ ਵਿਚ ਵਿਚ ਆਮ ਲੋਕਾਂ ਦੇ ਖੱਜਲ ਖੁਆਰ ਹੋਣ ਤੇ ਪ੍ਰਾਈਵੇਟ ਬੱਸਾਂ ਦੀ ਚਾਂਦੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਸੂਤਰ ਦੱਸਦੇ ਹਨ ਕਿ ਸਰਕਾਰ ਬਣਨ ਤੋਂ ਪਹਿਲਾਂ ਹੀ ਪਾਰਟੀ ਦੀ ਹੋਈ ਕਿਰਕਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ‘ਆਪ’ ਹਾਈਕਮਾਨ ਨੇ ਸਹੁੰ ਚੁੱਕ ਸਮਾਗਮ ਵਿਚ ਸਰਕਾਰੀ ਬੱਸਾਂ ਭੇਜਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ।

Share This :

Leave a Reply